ਪਾਣੀ ਬਚਾਉਣ ਲਈ ਸੂਖਮ ਸਿੰਜਾਈ ਕਾਮਯਾਬ: ਗੋਇਲ
ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਦੇ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਅਤੇ ਫ਼ਸਲ ਉਤਪਾਦ ਨੂੰ ਵਧਾਉਣ ਲਈ ਸੂਖਮ ਸਿੰਜਾਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਮੁਹਾਲੀ ਦੇ ਫੇਜ਼-6 ਦੇ ਭੂਮੀ ਸੰਭਾਲ ਕੰਪਲੈਕਸ ਵਿੱਚ ਆਲੂ ਦੀ ਕਾਸ਼ਤ ਵਿੱਚ ਸੂਖਮ ਸਿੰਜਾਈ ਨੂੰ ਉਤਸ਼ਾਹਿਤ ਕਰਨ ਬਾਰੇ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਖਮ ਸਿੰਜਾਈ, ਜਿਸ ਵਿੱਚ ਤੁਪਕਾ ਅਤੇ ਫੁਹਾਰਾ ਪ੍ਰਣਾਲੀਆਂ ਸ਼ਾਮਲ ਹਨ, ਨਾ ਸਿਰਫ਼ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਯਕੀਨੀ ਬਣਾਉਂਦੀਆਂ ਹਨ, ਬਲਕਿ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਵੀ ਘਟਾਉਂਦੀਆਂ ਹਨ। ਉਨ੍ਹਾਂ ਕਿਹਾ, ਕਿ ਇਨ੍ਹਾਂ ਪ੍ਰਣਾਲੀਆਂ ਨੂੰ ਅਪਣਾਉਣ ਨਾਲ ਕਿਸਾਨਾਂ ਨੂੰ ਪੰਜਾਹ ਫ਼ੀਸਦ ਤੱਕ ਪਾਣੀ ਦੀ ਬੱਚਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਪ੍ਰਤੀ ਏਕੜ ਝਾੜ ਅਤੇ ਉਪਜ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ। ਸੂਖਮ ਸਿੰਜਾਈ ਪ੍ਰਣਾਲੀ ਲਗਵਾਉਣ ਲਈ ਸਰਕਾਰ ਆਮ ਸ਼੍ਰੇਣੀ ਲਈ 80 ਫ਼ੀਸਦ ਸਬਸਿਡੀ ਦਿੰਦੀ ਹੈ, ਜਦੋਂ ਕਿ ਔਰਤਾਂ, ਛੋਟੇ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 90 ਫ਼ੀਸਦ ਸਬਸਿਡੀ ਦਿੰਦੀ ਹੈ।
ਆਡੀਟੋਰੀਅਮ ਦੀ ਅਪਗ੍ਰੇਡ ਕੀਤੀ ਇਮਾਰਤ ਦਾ ਉਦਘਾਟਨ
ਇਸ ਮੌਕੇ ਉਨ੍ਹਾਂ ਇੱਕ ਈ-ਅਪਰੂਵਲ ਪੋਰਟਲ ਵੀ ਲਾਂਚ ਕੀਤਾ ਤਾਂ ਜੋ ਸੂਖਮ ਸਿੰਜਾਈ ਟੈਂਡਰ ਪ੍ਰਣਾਲੀ ਵਿੱਚ ਹਿੱਸਾ ਲੈਣ ਵਾਲੇ ਠੇਕੇਦਾਰਾਂ/ਫਰਮਾਂ ਨੂੰ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਆਡੀਟੋਰੀਅਮ ਦੀ ਅਪਗ੍ਰੇਡ ਅਤੇ ਨਵੀਨੀਕਰਨ ਕੀਤੀ ਇਮਾਰਤ ਦਾ ਉਦਘਾਟਨ ਵੀ ਕੀਤਾ। ਵਰਕਸ਼ਾਪ ਵਿਚ ਕਿਸਾਨਾਂ, ਮਾਹਿਰਾਂ, ਸੂਖਮ ਸਿੰਜਾਈ ਉਪਕਰਣ ਨਿਰਮਾਤਾਵਾਂ ਅਤੇ ਖਰੀਦ ਏਜੰਸੀਆਂ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬ ਦੇ ਮੁੱਖ ਭੂਮੀ ਵਣਪਾਲ ਮਹਿੰਦਰ ਸਿੰਘ ਸੈਣੀ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਸ਼ਲਿੰਦਰ ਕੌਰ, ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਨੇ ਆਲੂ ਦੀ ਕਾਸ਼ਤ ਅਤੇ ਇਸ ਵਿੱਚ ਸੂਖਮ ਸਿੰਜਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।