ਸੜਕ ਵਿਚਲੇ ਪਾੜ ’ਚ ਡਿੱਗੀ ਮਰਸਿਡੀਜ਼
ਕਰਮਜੀਤ ਸਿੰਘ ਚਿੱਲਾ
ਮੁਹਾਲੀ ਦੇ ਸੈਕਟਰ 100 ਤੇ 104 ਦੀ ਵਿਚਕਾਰਲੀ ਸੜਕ ਵਿੱਚ ਰੇਲਵੇ ਲਾਈਨ ਨੇੜੇ ਪਾਣੀ ਨਿਕਾਸੀ ਲਾਈਨ ਦੂਜੇ ਪਾਸੇ ਪਾਈਪਲਾਈਨ ਨਾਲ ਨਾ ਜੋੜਨ ਕਾਰਨ ਪਏ ਪਾੜ ਦਾ ਖ਼ਮਿਆਜ਼ਾ ਲੰਘੀ ਰਾਤ ਕਾਰ ਚਾਲਕ ਨੂੰ ਭੁਗਤਣਾ ਪਿਆ, ਜਿੱਥੇ ਉਸ ਦੀ ਮਰਸਿਡੀਜ਼ ਵੀਹ ਫੁੱਟ ਡੂੰਘੇ ਟੋਏ ’ਚ ਡਿੱਗ ਪਈ। ਕਾਰ ਚਾਲਕ ਤੇ ਪਿੰਡ ਰਾਮਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਬੈਦਵਾਣ ਨੇ ਦੱਸਿਆ ਕਿ ਉਹ ਮੁਹਾਲੀ ਦੀ ਵੇਵ ਅਸਟੇਟ ’ਚ ਰਹਿੰਦਾ ਹੈ। ਸ਼ਨਿਚਰਵਾਰ ਰਾਤ 11.15 ਵਜੇ ਪਿੰਡ ਦੇ ਕਿਸੇ ਵਿਅਕਤੀ ਨਾਲ ਹਾਦਸਾ ਵਾਪਰਨ ਦੀ ਸੂਚਨਾ ਮਿਲਣ ਮਗਰੋਂ ਉਹ ਗਿਆਨ ਸਾਗਰ ਹਸਪਤਾਲ ਵੱਲ ਜਾ ਰਿਹਾ ਸੀ। ਪਿੰਡ ਸੁਖਗੜ੍ਹ ਤੋਂ ਸਨੇਟਾ ਵੱਲ ਨੂੰ ਜਾਂਦਿਆਂ ਉਕਤ ਮੋੜ ’ਤੇ ਕੁਝ ਪਸ਼ੂ ਸਾਹਮਣੇ ਆਉਣ ਕਾਰਨ ਕਾਰ ਪਾੜ ’ਚ ਡਿੱਗ ਪਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੂਧੀ ਹੋਈ ਕਾਰ ’ਚੋਂ ਮੁਸ਼ਕਲ ਨਾਲ ਬਾਹਰ ਨਿਕਲਿਆ ਤੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਸਨੇਟਾ ਪੁਲੀਸ ਚੌਕੀ ਨੂੰ ਹਾਦਸੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਮਰਸਿਡੀਜ਼ ਕਾਰ ਨੁਕਸਾਨੀ ਗਈ ਹੈ ਜਿਸ ਨੂੰ ਅੱਜ ਦੁਪਹਿਰੇ ਹਾਈਡਰਾ ਕਰੇਨ ਦੀ ਮਦਦ ਨਾਲ ਟੋਏ ’ਚੋਂ ਬਾਹਰ ਕੱਢਿਆ।
ਕਈ ਵਾਰ ਉਭਾਰਿਆ ਜਾ ਚੁੱਕਿਆ ਹੈ ਮਾਮਲਾ
‘ਪੰਜਾਬੀ ਟ੍ਰਿਬਿਊਨ’ ਕਈ ਸੈਕਟਰਾਂ ਦੀ ਪਾਣੀ ਨਿਕਾਸੀ ਲਈ ਦਸ ਵਰ੍ਹੇ ਪਹਿਲਾਂ ਵਿਛਾਈ ਪਾਈਪਲਾਈਨ ਨਾ ਜੋੜਨ ਕਾਰਨ ਸੜਕ ’ਚ ਪਏ ਪਾੜ ਦਾ ਮਾਮਲਾ ਕਈ ਵਾਰ ਉਭਾਰ ਚੁੱਕਾ ਹੈ। ਰਾਹਗੀਰਾਂ ਨੇ ਪਾਣੀ ਨਿਕਾਸੀ ਪਾਈਪਲਾਈਨ ਤੁਰੰਤ ਜੋੜਨ, ਸੈਕਟਰ 100 ਤੇ 104 ਦੀਆਂ ਸੜਕਾਂ ’ਤੇ ਸਟਰੀਟ ਲਾਈਟਾਂ ਚਾਲੂ ਕਰਨ, ਸੜਕ ’ਚ ਪਿਆ ਪਾੜ ਭਰਨ ਤੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।