ਪੰਜਾਬ ’ਚ ਮਾਨਸਿਕ ਸਿਹਤ ਨੀਤੀ ਦੀ ਸ਼ੁਰੂਆਤ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਮਾਨਸਿਕ ਸਿਹਤ ਸੇਵਾਵਾਂ ਦਾ ਲਾਭ ਦੇਣ ਲਈ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ‘ਪੰਜਾਬ ਰਾਜ ਮਾਨਸਿਕ ਸਿਹਤ ਨੀਤੀ’ ਦੀ ਸ਼ੁਰੂਆਤ ਕੀਤੀ ਹੈ। ਸੂਬਾ ਸਰਕਾਰ ਵੱਲੋਂ ਇਸ ਨੀਤੀ ਤਹਿਤ ਮਾਨਸਿਕ ਸਿਹਤ ਸੇਵਾਵਾਂ ਨੂੰ ਮੁੱਢਲੇ ਸਿਹਤ ਸੰਭਾਲ ਢਾਂਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨੀਤੀ ਰਾਹੀਂ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾਵੇਗਾ। ਨੀਤੀ ਦਾ ਉਦੇਸ਼ ਖ਼ੁਦਕੁਸ਼ੀ ਦੇ ਮਾਮਲਿਆਂ ਨੂੰ ਘਟਾਉਣਾ ਤੇ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਨੂੰ ਸਮਾਜ ਨਾਲ ਜੋੜ ਕੇ ਰੱਖਣਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀਆਂ ਨੂੰ ਬਿਨਾਂ ਕੋਈ ਸਹਾਰਾ ਦਿੱਤੇ ਇਕੱਲਾ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਹਾਲਾਤ ਹੋਰ ਵਿਗੜ ਜਾਂਦੇ ਹਨ। ਦੁਨੀਆ ਵਿੱਚ 13 ਕਰੋੜ ਤੋਂ ਵੱਧ ਲੋਕ ਅਜਿਹੀ ਬਿਮਾਰੀ ਤੋਂ ਪੀੜਤ ਹਨ, ਜਿਨ੍ਹਾਂ ਨੂੰ ਇਸ ਸਮੱਸਿਆ ਵਿੱਚੋਂ ਬਾਹਰ ਕੱਢਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਨੀਤੀ ਔਰਤਾਂ ਨੂੰ ਸੁਰੱਖਿਅਤ, ਗੁਪਤ ਤੇ ਹਮਦਰਦ ਢੰਗ ਨਾਲ ਮਾਨਸਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ। ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਨੌਜਵਾਨ ਮਾਨਸਿਕ ਤਣਾਅ ਕਾਰਨ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਮਾੜੀ ਸੰਗਤ ਵਿੱਚ ਪੈ ਜਾਂਦੇ ਹਨ ਉਨ੍ਹਾਂ ਦਾ ਵੀ ਇਸ ਨੀਤੀ ਤਹਿਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਜਿਹੜੇ ਹਸਪਤਾਲਾਂ ’ਚ ਮਨੋਵਿਗਿਆਨੀ ਨਹੀਂ ਹਨ, ਉੱਥੇ ਆਰਜ਼ੀ ਤੌਰ ’ਤੇ ਮਨੋਵਿਗਿਆਨੀਆਂ ਦਾ ਪ੍ਰਬੰਧ ਕੀਤਾ ਜਾਵੇਗਾ।