ਸ਼੍ੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਇਜਲਾਸ ਤਿੰਨ ਨਵੰਬਰ ਨੂੰ
ਜਗਤਾਰ ਸਿੰਘ ਲਾਂਬਾ
ਸ਼੍ੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਅੱਜ ਫ਼ੈਸਲਾ ਕੀਤਾ ਗਿਆ ਹੈ ਕਿ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਾਸਤੇ ਆਮ ਇਜਲਾਸ ਤਿੰਨ ਨਵੰਬਰ ਨੂੰ ਹੋਵੇਗਾ। ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਦੁਪਹਿਰ 12 ਵਜੇ ਹੋਵੇਗਾ। ਇਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਸ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਪਿੰਡ ਦੇ ਸਰਪੰਚ ਕੋਲੋਂ ਤਸਦੀਕ ਕਰਵਾ ਕੇ ਕਣਕ ਦਾ ਬੀਜ ਲੈਣ ਸਬੰਧੀ ਆਪਣੀ ਮੰਗ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਪੰਜ ਕੇਂਦਰਾਂ ਕੋਲ ਪੁੱਜਦੀ ਕਰਨ। ਇਸ ਦੌਰਾਨ ਅੱਜ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਪੰਜ ਟਰੱਕ ਕੰਬਲ, ਗੱਦੇ ਅਤੇ ਰਸਦ ਭੇਜੀ ਗਈ ਹੈ। ਸ਼੍ੋਮਣੀ ਕਮੇਟੀ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਆਪਣੇ ਮੁਲਾਜ਼ਮਾਂ ਨੂੰ ਤਿੰਨ ਫ਼ੀਸਦੀ ਮਹਿੰਗਾਈ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖ ਸੰਸਥਾ ਵੱਲੋਂ ਮੁੰਬਈ ਸਥਿਤ ਗੁਰੂ ਨਾਨਕ ਖ਼ਾਲਸਾ ਕਾਲਜ ਮਾਟੁੰਗਾ ਨੂੰ ਸਿੱਖ ਯੂਨੀਵਰਸਿਟੀ ਬਣਾਉਣ ਲਈ ਵੀ ਮਤਾ ਪਾਸ ਕੀਤਾ ਗਿਆ ਹੈ। ਸ਼੍ੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਗੁਰੂਆਂ, ਗੁਰਬਾਣੀ ਅਤੇ ਗੁਰੂ ਧਾਮਾਂ ਦੀ ਬੇਅਦਬੀ ਰੋਕਣ ਲਈ ਡਿਜੀਟਲ ਟਾਸਕ ਫੋਰਸ ਕਾਇਮ ਕੀਤੀ ਜਾਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ ਅਤੇ ਮਰਯਾਦਾ ਨਾਲ ਸਬੰਧਤ ਡਿਜੀਟਲ ਡੇਟਾ ਬੈਂਕ ਤਿਆਰ ਕਰੇਗੀ ਤਾਂ ਜੋ ਇੰਟਰਨੈੱਟ ਤੋਂ ਪ੍ਰਮਾਣਿਕ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਮਾਗਮ 23 ਤੋਂ 29 ਨਵੰਬਰ ਤੱਕ ਆਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸੀਸ ਗੰਜ ਵਿੱਚ ਹੋਣਗੇ। ਉਹ ਵਫ਼ਦ ਸਣੇ 14 ਅਕਤੂਬਰ ਨੂੰ ਪਟਿਆਲਾ ਦੀ ਜੇਲ੍ਹ ’ਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਜਾਣਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਜਗਜੀਤ ਸਿੰਘ ਬਰਾੜ ਦੇ ਅਕਾਲ ਚਲਾਣੇ ’ਤੇ ਸ਼ੋਕ ਮਤਾ ਪਾਸ ਕੀਤਾ ਗਿਆ।