ਪਠਾਣਮਾਜਰਾ ਦੀ ਗ੍ਰਿਫ਼ਤਾਰੀ ਲਈ ਉੱਚ ਪੁਲੀਸ ਅਧਿਕਾਰੀਆਂ ਦੀ ਮੀਟਿੰਗ
‘ਆਪ’ ਦੇ ਬਾਗ਼ੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਅੱਜ ਪਟਿਆਲਾ ਪੁਲੀਸ ਰੇਂਜ ਅਧੀਨ ਆਉਂਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇੱਥੇ ਡੀ ਆਈ ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੀ ਅਗਵਾਈ ’ਚ ਹੋਈ ਮੀਟਿੰਗ ਵਿੱਚ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ, ਸੰਗਰੂਰ ਦੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ, ਬਰਨਾਲਾ ਦੇ ਐੱਸ ਐੱਸ ਪੀ ਸਰਫ਼ਰਾਜ਼ ਆਲਮ ਅਤੇ ਮਾਲੇਰਕੋਟਲਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਸਣੇ ਹੋਰ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ। ਇਸ ਵੇਲੇ ਡੀ ਆਈ ਜੀ ਚਾਹਲ ਨੇ ਵਿਧਾਇਕ ਪਠਾਣਮਾਜਰਾ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਾ ਹੋਣ ਬਾਰੇ ਪੜਤਾਲ ਕੀਤੀ। ਉਨ੍ਹਾਂ ਅੱਜ ਰੇਂਜ ਦੇ ਅਧਿਕਾਰੀਆਂ ਨੂੰ ਆਪੋ-ਆਪਣਾ ਖ਼ੁਫ਼ੀਆ ਤੰਤਰ ਹੋਰ ਚੌਕਸ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਵੱਖ-ਵੱਖ ਜੁਰਮਾਂ ਦੇ ਬਕਾਇਆ ਚੱਲ ਰਹੇ ਅਤੇ ਅਣਸੁਲਝੇ ਕੇਸਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਵਿਉਂਤਬੰਦੀ ਕਰ ਕੇ ਵਧ ਰਹੇ ਜੁਰਮ ਰੋਕਣ ਲਈ ਹਦਾਇਤਾਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਜਿਹੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ, ਉਨ੍ਹਾਂ ਨੂੰ ਜਲਦੀ ਕਾਬੂ ਕਰ ਕੇ ਕੇਸਾਂ ਦਾ ਨਿਬੇੜਾ ਕਰਨ ’ਤੇ ਜ਼ੋਰ ਦਿੱਤਾ।
ਡੀ ਆਈ ਜੀ ਸ੍ਰੀ ਚਾਹਲ ਨੇ ਹਾਜ਼ਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੁੱਟਾਂ-ਖੋਹਾਂ ਸਬੰਧੀ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਟਰੇਸ ਕੀਤਾ ਜਾਵੇ। ਜਿਨ੍ਹਾਂ ਕੇਸਾਂ ਦੀ ਪ੍ਰਾਪਰਟੀ ਥਾਣਿਆਂ ਵਿੱਚ ਪਈ ਹੈ, ਸਬੰਧਤ ਅਦਾਲਤਾਂ ਪਾਸੋਂ ਹੁਕਮ ਲੈ ਕੇ ਵਾਰਸਾਂ ਦੇ ਹਵਾਲੇ ਕੀਤੀ ਜਾਵੇ। ਇਸ ਤੋਂ ਇਲਾਵਾ ਐੱਨ ਡੀ ਪੀ ਐੱਸ ਐਕਟ ਦੇ ਕੇਸਾਂ ਦੇ ਦੋਸ਼ੀਆਂ ਦੀ ਪੜਤਾਲ ਕਰ ਕੇ ਕਾਨੂੰਨ ਮੁਤਾਬਕ ਨਿਬੇੜਾ ਕੀਤਾ ਜਾਵੇ। ਸੇਫ਼ ਪੰਜਾਬ ਸਬੰਧੀ ਦਰਖ਼ਾਸਤਾਂ ਦਾ ਸਮੇਂ ਸਿਰ ਨਿਬੇੜਾ ਕਰਨ ਲਈ ਕਿਹਾ ਗਿਆ।