ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ
ਆਤਿਸ਼ ਗੁਪਤਾ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਵੱਲੋਂ ਅੱਜ ਇੱਥੇ ਕਿਸਾਨ ਭਵਨ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਂਝਾ ਸੰਘਰਸ਼ ਵਿੱਢਣ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਐੱਸਕੇਐੱਮ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਤੇ ਕਿਸ਼ਨ ਪ੍ਰਸਾਦ ਨੇ ਸ਼ਮੂਲੀਅਤ ਕੀਤੀ। ਦੂਜੇ ਪਾਸੇ ਕੇਐੱਮਐੱਮ ਵੱਲੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਸੁਖਵਿੰਦਰ ਕੌਰ, ਗੁਰਅਮਨੀਤ ਸਿੰਘ ਮਾਂਗਟ, ਬਲਦੇਵ ਸਿੰਘ ਜ਼ੀਰਾ, ਦਿਲਬਾਗ ਸਿੰਘ ਗਿੱਲ, ਮਨਜੀਤ ਸਿੰਘ ਨਿਆਲਗੜ੍ਹ, ਗੁਰਧਿਆਨ ਸਿੰਘ, ਬਲਕਾਰ ਸਿੰਘ ਬੈਂਸ, ਦਵਿੰਦਰ ਸਿੰਘ ਸੰਧੂ ਹਾਜ਼ਰ ਰਹੇ। ਇਸ ਦੌਰਾਨ ਐੱਸਕੇਐੱਮ ਆਗੂਆਂ ਵੱਲੋਂ ਕੇਐੱਮਐੱਮ ਦੇ ਆਗੂਆਂ ਦਾ ਪੱਖ ਲਿਖਤੀ ਤੌਰ ’ਤੇ ਦੇਣ ਦੀ ਮੰਗ ਕੀਤੀ ਤਾਂ ਜੋ ਉਸ ਨੂੰ ਅੱਗੇ ਪੰਜਾਬ ਇਕਾਈ ਤੇ ਐੱਸਕੇਐੱਮ ਦੀ 10 ਸਤੰਬਰ ਨੂੰ ਹੋਣ ਵਾਲੀ ਕੌਮੀ ਮੀਟਿੰਗ ਵਿੱਚ ਵਿਚਾਰਿਆ ਜਾ ਸਕੇ। ਕੇਐੱਮਐੱਮ ਆਗੂਆਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਆਪਣਾ ਪੱਖ ਲਿਖਤੀ ਰੂਪ ਵਿੱਚ ਵੀ ਐੱਸਕੇਐੱਮ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਅਤੇ ਮਜ਼ਦੂਰਾਂ ਨੂੰ 7 ਹਜ਼ਾਰ ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਦੇ ਬੈਂਕ ਕਰਜ਼ਿਆਂ ਸਣੇ ਹਰ ਤਰ੍ਹਾਂ ਦੀਆਂ ਕਿਸ਼ਤਾਂ ਅਤੇ ਛਿਮਾਹੀ ਦਾ ਵਿਆਜ ਮੁਆਫ਼ ਕੀਤਾ ਜਾਵੇ।