ਸ਼ਹੀਦ ਪ੍ਰਿਤਪਾਲ ਸਿੰਘ ਤੇ ਹਰਮਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਲਾਂਸ ਨਾਇਕ ਪ੍ਰਿਤਪਾਲ ਸਿੰਘ (29) ਦੀ ਦੇਹ ਉਨ੍ਹਾਂ ਦੇ ਪਿੰਡ ਮਾਨੂੰਪੁਰ ਲਿਆਂਦੀ ਗਈ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਫੌ਼ਜ ਦੀਆਂ ਟੁਕੜੀਆਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਉਪ ਮੰਡਲ ਮੈਜਿਸਟਰੇਟ ਰਜਨੀਸ਼ ਅਰੋੜਾ ਅਤੇ ਐੱਸਪੀ (ਹੈਡਕੁਆਰਟਰ) ਖੰਨਾ ਤੇਜਵੀਰ ਸਿੰਘ ਹੁੰਦਲ ਨੇ ਸ਼ਹੀਦ ਪ੍ਰਿਤਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਨੇ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਲਗਨ ਨਾਲ ਨਿਭਾਈ ਅਤੇ ਸ਼ਹੀਦ ਦੀ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਪ ਮੰਡਲ ਮੈਜਿਸਟਰੇਟ ਰਜਨੀਸ਼ ਅਰੋੜਾ ਨੇ ਸ਼ਹੀਦ ਪ੍ਰਿਤਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ, ਪਿਤਾ ਹਰਬੰਸ ਸਿੰਘ, ਮਾਤਾ ਅਤੇ ਭਰਾਵਾਂ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਪਰਿਵਾਰ ਦੀ ਮਦਦ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਸ ਮੌਕੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਾਕ ਸਬੰਧੀ ਹਾਜ਼ਰ ਸਨ।
ਭਾਰਤੀ ਫ਼ੌਜ ਦੇ ਸਿਪਾਹੀ ਹਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਬਦੀਨਪੁਰ ਪਹੁੰਚੀ ਜਿਸ ਦਾ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਰਿਵਾਰਕ ਮੈਂਬਰਾਂ ਸਮੇਤ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ। ਇਸ ਮੌਕੇ ਫ਼ੌਜੀ ਜਵਾਨਾਂ ਦੀ ਟੁਕੜੀ ਨੇ ਹਥਿਆਰ ਝੁਕਾ ਕੇ ਸਲਾਮੀ ਦਿੱਤੀ ਜਿਸ ਉਪਰੰਤ ਵੱਖ-ਵੱਖ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਉਪ ਮੰਡਲ ਮੈਜਿਸਟਰੇਟ ਚੇਤਨ ਬੰਗੜ, ਡੀਐਸਪੀ ਗੁਰਦੀਪ ਸਿੰਘ, ‘ਆਪ’ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਦੇ ਕਮਾਂਡਰ ਬਲਜਿੰਦਰ ਸਿੰਘ ਵਿਰਕ, ਭਾਰਤੀ ਫ਼ੌਜ ਦੀ 19 ਆਰਮਡ ਰੈਜੀਮੈਂਟ ਵਲੋਂ ਲੈਫਟੀਨੈਂਟ ਸੁਮੀਤ ਕੁਮਾਰ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪੰਜਾਬ ਸਰਕਾਰ ਵੱਲੋਂ ਇਕ ਕਰੋੜ ਦੀ ਰਾਸ਼ੀ ਜਲਦੀ ਦਿੱਤੀ ਜਾਵੇਗੀ: ਵਿਧਾਇਕ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਹਰਮਿੰਦਰ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਜਲਦ ਪਰਿਵਾਰ ਨੂੰ ਦੇਣ ਦੀ ਗੱਲ ਆਖੀ। ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਤਾਲਮੇਲ ਕਰਕੇ ਸਰਕਾਰ ਦੀ ਪਾਲਿਸੀ ਮੁਤਾਬਕ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਢੁਕਵੀਂ ਯਾਦਗਾਰੀ ਬਣਾਈ ਜਾਵੇਗੀ। ਇਸ ਮੌਕੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ‘ਆਪ’ ਦੇ ਟਰਾਂਸਪੋਰਟ ਸੈਲ ਦੇ ਉਪ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ, ਕਿਸਾਨ ਵਿੰਗ ਦੇ ਜੁਆਇੰਟ ਸਕੱਤਰ ਰਣਜੀਤ ਸਿੰਘ ਪਨਾਗ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਚੱਠਾ, ਹਰਜੀਤ ਸਿੰਘ ਗਰੇਵਾਲ, ਬਦੀਨਪੁਰ ਦੇ ਸਰਪੰਚ ਜਗਮੋਹਨ ਸਿੰਘ ਮੌਜੂਦ ਸਨ।