ਸ਼ਹੀਦੀ ਪੁਰਬ: ਜਾਗ੍ਰਿਤੀ ਯਾਤਰਾ ਜਲੰਧਰ ਪੁੱਜੀ
ਪੰਜਾਬ ਵਿੱਚ ਇਸ ਯਾਤਰਾ ਦੇ ਕੋਆਰਡੀਨੇਟਰ ਮਲਵਿੰਦਰ ਸਿੰਘ ਬੈਨੀਪਾਲ ਨੇ ਰਣਜੀਤ ਸਿੰਘ ਰਾਣਾ, ਭਵਨ ਸਿੰਘ ਖੋਜੀ, ਬਾਬਾ ਅਮਰ ਸਿੰਘ ਤੇ ਹਰਦੀਪ ਸਿੰਘ ਸਣੇ ਹੋਰ ਸੇਵਾਦਾਰਾਂ ਨਾਲ ਮਿਲ ਕੇ ਸ਼ਰਧਾ ਭਾਵ ਨਾਲ ਯਾਤਰਾ ਦੀ ਅਗਵਾਈ ਕੀਤੀ। ਬਾਬਾ ਨੌਧ ਸਿੰਘ ਸਮਾਧ ਵਿੱਚ ਰਾਤ ਨੂੰ ਵਿਸ਼ਰਾਮ ਤੋਂ ਬਾਅਦ ਐਤਵਾਰ ਸਵੇਰੇ ਇਹ ਯਾਤਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੋਲਡਨ ਗੇਟ, ਏਅਰਪੋਰਟ ਰੋਡ, ਵੱਲਾ ਤੇ ਵੇਰਕਾ ਚੌਕ ਰਾਹੀਂ ਅਗਲੇ ਪੜਾਅ ਵੱਲ ਰਵਾਨਾ ਹੋਈ ਅਤੇ ਮੁੱਖ ਗੁਰਦੁਆਰਿਆਂ ’ਚ ਨਤਮਸਤਕ ਹੁੰਦੀ ਹੋਈ ਜਲੰਧਰ ਵਿੱਚ ਦਾਖ਼ਲ ਹੋਈ।
ਰਾਹ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ, ਫੁੱਲ ਵਰਸਾਏ ਅਤੇ ਜੈਕਾਰੇ ਲਾਏ ਜਿਸ ਨਾਲ ਸਾਰਾ ਮਾਹੌਲ ਧਾਰਮਿਕ ਹੋ ਗਿਆ। ਯਾਤਰਾ ਵਿੱਚ ਰਾਗੀ ਜਥੇ, ਨਿਹੰਗ ਸਿੰਘ ਦਲ, ਪੰਥਕ ਸੰਗਠਨ ਅਤੇ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਸਨ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਹ ਇਤਿਹਾਸਕ ਯਾਤਰਾ 17 ਸਤੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਸਿੱਖ ਆਗੂਆਂ ਅਤੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਹੁਣ ਤਕ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹੁਣ ਪੰਜਾਬ ਵਿੱਚੋਂ ਲੰਘ ਰਹੀ ਹੈ।
ਪੰਜਾਬ ਵਿੱਚ ਇਹ ਯਾਤਰਾ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਜਿਵੇਂ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਖੰਨਾ, ਸਲਤਾਨਪੁਰ ਲੋਧੀ, ਜਲੰਧਰ, ਕਰਤਾਰਪੁਰ, ਲੁਧਿਆਣਾ ਅਤੇ ਨਵਾਂਸ਼ਹਿਰ ਤੋਂ ਹੋ ਕੇ 27 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਮਾਪਤ ਹੋਵੇਗੀ।
