ਸ਼ਹੀਦੀ ਦਿਹਾੜਾ: ਜਾਗ੍ਰਿਤੀ ਯਾਤਰਾ ਅੰਮ੍ਰਿਤਸਰ ਪੁੱਜੀ
ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਅੰਮ੍ਰਿਤਸਰ ਦੇ ਬਾਬਾ ਨੌਧ ਸਿੰਘ ਸਮਾਧ ’ਤੇ ਪੁੱਜੀ। ਇਹ ਯਾਤਰਾ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਯਾਤਰਾ ਦਾ ਉਦੇਸ਼ ਦੇਸ਼ ਭਰ ਵਿੱਚ ਗੁਰੂ ਤੇਗ ਬਹਾਦਰ ਦੇ ਏਕਤਾ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਫੈਲਾਉਣਾ ਹੈ।
ਪੰਜਾਬ ਵਿੱਚ ਯਾਤਰਾ ਦੇ ਕੋਆਰਡੀਨੇਟਰ ਮਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿੱਚ ਰਾਤ ਦੇ ਠਹਿਰਾਅ ਤੋਂ ਬਾਅਦ ਨਗਰ ਕੀਰਤਨ ਫ਼ਿਰੋਜ਼ਪੁਰ ਅਤੇ ਤਰਨਤਾਰਨ ’ਚੋਂ ਗੁਜ਼ਰਿਆ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਰਾਤ ਦੇ ਵਿਸ਼ਰਾਮ ਮਗਰੋਂ ਭਲਕੇ ਐਤਵਾਰ ਨੂੰ ਬਾਬਾ ਨੌਧ ਸਿੰਘ ਸਮਾਧ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗੀ।
ਯਾਤਰਾ ਅੰਮ੍ਰਿਤਸਰ ’ਚੋਂ ਹੁੰਦੀ ਹੋਈ ਬਟਾਲਾ ਤੇ ਜਲੰਧਰ ਵਿੱਚ ਦਾਖ਼ਲ ਹੋਵੇਗੀ। ਜਾਗ੍ਰਿਤੀ ਯਾਤਰਾ 17 ਸਤੰਬਰ ਨੂੰ ਤਖ਼ਤ ਪਟਨਾ ਸਾਹਿਬ ਤੋਂ ਬਿਹਾਰ ਦੇ ਸਿੱਖ ਆਗੂਆਂ ਅਤੇ ਬਿਹਾਰ ਸਰਕਾਰ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਆਰੰਭ ਹੋਈ ਸੀ। ਇਹ ਹੁਣ ਤੱਕ 9 ਰਾਜਾਂ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਤੇ ਹਰਿਆਣਾ ਮਗਰੋਂ ਹੁਣ ਪੰਜਾਬ ’ਚੋਂ ਲੰਘ ਰਹੀ ਹੈ।
