ਸ਼ਹੀਦੀ ਸ਼ਤਾਬਦੀ: ਗਾਇਕ ਬੀਰ ਸਿੰਘ ਨੇ ਮਰਿਆਦਾ ਦੀ ਉਲੰਘਣਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ
ਗਾਇਕ ਅਤੇ ਕਲਾਕਾਰ ਬੀਰ ਸਿੰਘ ਨੇ ਸ੍ਰੀਨਗਰ ਵਿੱਚ ਹੋਏ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਕੀਤੇ ਗਏ ਨੱਚ-ਟੱਪ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਲਈ ਹੈ।
ਗਾਇਕ ਬੀਰ ਸਿੰਘ ਵੱਲੋਂ ਇਕ ਵੀਡੀਓ ਜਾਰੀ ਕਰਕੇ ਕਿਹਾ ਗਿਆ, “ਮੈਂ ਆਸਟਰੇਲੀਆ ਤੋਂ ਸਿੱਧਾ ਸ੍ਰੀਨਗਰ ਪਹੁੰਚਿਆ ਅਤੇ ਇੱਥੇ ਪਹੁੰਚਣ 'ਤੇ ਸਾਡੇ ਫ਼ੋਨ ਨੈੱਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ। ਸਭ ਤੋਂ ਵੱਡੀ ਗਲਤੀ ਮੇਰੀ ਮੈਨੇਜਮੈਂਟ ਟੀਮ ਨੇ ਕੀਤੀ, ਜਿਸ ਨੇ ਮੈਨੂੰ ਪ੍ਰੋਗਰਾਮ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਅਸੀਂ ਪਹਿਲਾਂ ਹੀ ਪੰਜਾਬੀ ਸਾਹਿਤ ਅਕੈਡਮੀ ਨਾਲ ਕੁਝ ਵਪਾਰਕ ਪ੍ਰੋਗਰਾਮ ਕਰ ਚੁੱਕਿਆ ਸੀ ਅਤੇ ਅਸੀਂ ਇਸ ਨੂੰ ਉਸੇ ਤਰਜ਼ 'ਤੇ ਸ਼ੁਰੂ ਕਰ ਦਿੱਤਾ।’’
ਉਨ੍ਹਾਂ ਹੋਰ ਕਿਹਾ, ‘‘ਮੈਂ ਸਿੱਧਾ ਸਟੇਜ 'ਤੇ ਗਿਆ ਕਿਉਂਕਿ ਮੇਰਾ ਸਾਰਾ ਧਿਆਨ ਦਰਸ਼ਕਾਂ 'ਤੇ ਸੀ। ਮੈਨੂੰ ਸਟੇਜ ਦੇ ਪਿੱਛੇ ਬੈਨਰ ਨਹੀਂ ਦਿਖਾਈ ਦਿੱਤਾ। ਇਹ ਮੇਰੀ ਗਲਤੀ ਹੈ। ਮੈਨੂੰ ਪ੍ਰੋਗਰਾਮ ਸ਼ੁੁਰੂ ਕਰਨ ਤੋਂ ਪਹਿਲਾਂ ਪ੍ਰੋਗਰਾਮ ਬਾਰੇ ਸਾਰੀ ਜਾਣਕਾਰੀ ਲੈਣੀ ਚਾਹੀਦੀ ਸੀ। ਜਦੋਂ ਸਾਨੂੰ ਅਹਿਸਾਸ ਹੋਇਆ ਕਿ ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤਾਂ ਅਸੀਂ ਤੁਰੰਤ ਪ੍ਰੋਗਰਾਮ ਬੰਦ ਕਰ ਦਿੱਤਾ।’’
ਉਨ੍ਹਾਂ ਨਾਲ ਹੀ ਕਿਹਾ, "ਮੈਂ ਆਪਣੀ ਗਲਤੀ ਮੰਨਦਾ ਹਾਂ ਅਸੀਂ ਭਵਿੱਖ ਵਿੱਚ ਕਦੇ ਵੀ ਉਨ੍ਹਾਂ ਨਾਲ ਕੰਮ ਨਹੀਂ ਕਰਾਂਗੇ। ਇਹ ਨਿਮਾਣਾ ਸੇਵਕ ਅਕਾਲ ਤਖ਼ਤ ਸਾਹਿਬ, ਜਥੇਦਾਰ ਸਾਹਿਬ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਮੈਂ ਆਪਣੀ ਗਲਤੀ ਲਈ ਮੁਆਫ਼ੀ ਮੰਗਣ ਲਈ ਤਿਆਰ ਹਾਂ। ਤੁਸੀਂ ਜੋ ਵੀ ਸੇਵਾ ਢੁਕਵੀਂ ਸਮਝੋਗੇ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ। ਮੈਂ ਇੱਕ ਸਿੱਖ ਬੱਚਾ ਹਾਂ, ਗੁਰੂ ਸਾਹਿਬ ਅਤੇ ਸਿੱਖ ਸੰਗਤ ਮੁਆਫ਼ ਕਰਨ ਵਾਲੇ ਹਨ। ਮੈਂ ਕਦੀ ਵੀ ਅਜਿਹਾ ਕੁੱਝ ਨਹੀਂ ਕੀਤਾ ਜੋ ਪੰਥ ਦੇ ਵਿਰੋਧ ਵਿੱਚ ਹੋਵੇ। ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ।’’
ਦੱਸ ਦਈਏ ਕਿ ਇਹ ਸਮਾਗਮ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ ਅਤੇ ਸਰਬੋਤਮ ਕੁਰਬਾਨੀ ਨੂੰ ਸਮਰਪਿਤ ਇੱਕ ਸੈਮੀਨਾਰ ਦੇ ਹਿੱਸੇ ਵਜੋਂ ਕੀਤਾ ਗਿਆ ਸੀ।