ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਹੀਦੀ ਸ਼ਤਾਬਦੀ: ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬਕਾਲਾ ’ਚ ਸਮਾਗਮ

ਧਾਮੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ; ਸੰਗਤ ਵੱਲੋਂ ਕੀਤੇ 25 ਹਜ਼ਾਰ ਸਹਿਜ ਪਾਠਾਂ ਦੇ ਸਮੂਹਿਕ ਭੋਗ ਪਾਏ
ਸਮਾਗਮ ਦੌਰਾਨ ਮੰਚ ’ਤੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਆਗੂ ਤੇ ਹੋਰ ਸ਼ਖ਼ਸੀਅਤਾਂ। -ਫੋਟੋ: ਵਿਸ਼ਾਲ ਕੁਮਾਰ
Advertisement

ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਸਣੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਅਖੰਡ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸਜੇ ਧਾਰਮਿਕ ਦੀਵਾਨ ਦੌਰਾਨ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਅਤੇ ਆਸਟਰੇਲੀਆ ਦੀ ਸਹਿਜ ਪਾਠ ਸੇਵਾ ਸੰਸਥਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਦੁਨੀਆਂ ਭਰ ’ਚ ਕਰਵਾਏ 25 ਹਜ਼ਾਰ ਦੇ ਕਰੀਬ ਸਹਿਜ ਪਾਠਾਂ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਰਾਗੀ, ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਨੇ ਗੁਰ ਇਤਿਹਾਸ ਦੀ ਸਾਂਝ ਪਾਈ।

ਇਸ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸਿਰਫ਼ ਸਿੱਖ ਇਤਿਹਾਸ ਦਾ ਹੀ ਨਹੀਂ, ਸਗੋਂ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਅਦੁੱਤੀ ਘਟਨਾ ਵਜੋਂ ਦਰਜ ਹੈ। ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ 21 ਤੋਂ 29 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਣੇ ਹਨ। ਸੰਗਤ ਨੂੰ ਇਸ ਇਤਿਹਾਸਕ ਮੌਕੇ ਨਾਲ ਜੋੜਨ ਵਾਸਤੇ ਘਰ-ਘਰ ਅੰਦਰ ਸਹਿਜ ਪਾਠ ਕਰਨ ਦੀ ਮੁਹਿੰਮ ਵਿੱਢੀ ਗਈ ਸੀ। ਇਸ ਤਹਿਤ ਅੱਜ 25 ਹਜ਼ਾਰ ਸੰਗਤ ਵੱਲੋਂ ਕੀਤੇ ਸਹਿਜ ਪਾਠਾਂ ਦੇ ਸਮੂਹਿਕ ਰੂਪ ਵਿੱਚ ਭੋਗ ਪਾ ਕੇ ਸੰਪੂਰਨਤਾ ਕੀਤੀ ਗਈ ਹੈ। ਇਸ ਦੇ ਦੂਜੇ ਪੜਾਅ ਤਹਿਤ ਸ੍ਰੀ ਆਨੰਦਪੁਰ ਸਾਹਿਬ ਵਿੱਚ 16 ਨਵੰਬਰ ਨੂੰ 35 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਉਨ੍ਹਾਂ ਸੰਗਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋ ਰਹੇ ਸ਼ਤਾਬਦੀ ਸਮਾਗਮਾਂ ਸਮੇਂ ਪਰਿਵਾਰਾਂ ਸਣੇ ਹਾਜ਼ਰ ਹੋਣ ਲਈ ਪ੍ਰੇਰਿਆ।

Advertisement

ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣਾ 2019 ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਫ਼ੈਸਲਾ ਤੁਰੰਤ ਲਾਗੂ ਕਰਨ ਲਈ ਆਖਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ 350 ਸਾਲਾ ਦਿਹਾੜਾ ਅਹਿਮ ਮੌਕਾ ਹੈ। ਇਸ ਨੂੰ ਸਮਰਪਿਤ ਹੁੰਦਿਆਂ ਸਰਕਾਰ ਨੂੰ ਵੱਡਾ ਦਿਲ ਦਿਖਾਉਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਸਬੰਧੀ ਸ੍ਰੀ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਸਮੇਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਅਤੇ ਸਰਕਾਰ ਨੂੰ ਵੱਖਰੇ ਧਾਰਮਿਕ ਸਮਾਗਮਾਂ ਦੀ ਥਾਂ ਵਿਕਾਸ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ।

ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਬੁਰਜ ਸਾਹਿਬ ਲਈ ਰਵਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਸਜਾਇਆ ਨਗਰ ਕੀਰਤਨ ਅੱਜ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਲਈ ਰਵਾਨਾ ਹੋਇਆ। ਇਸ ਮੌਕੇ ਧਾਰਮਿਕ ਦੀਵਾਨ ਵਿੱਚ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਨੇ ਸੰਗਤ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਸ਼ਤਾਬਦੀ ਨੂੰ ਸਮਰਪਿਤ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਪ੍ਰਤੀ ਸੰਗਤ ਦਾ ਉਤਸ਼ਾਹ ਗੁਰੂ ਸਾਹਿਬ ਪ੍ਰਤੀ ਸਮਰਪਣ ਭਾਵਨਾ ਦਾ ਪ੍ਰਤੀਕ ਹੈ। ਸ਼ਤਾਬਦੀ ਸਮਾਗਮ ਸਿੱਖ ਕੌਮ ਲਈ ਅਹਿਮ ਮਹੱਤਤਾ ਰੱਖਦੇ ਹਨ, ਇਨ੍ਹਾਂ ’ਚ ਸ਼ਮੂਲੀਅਤ ਕਰਨਾ ਹਰ ਸਿੱਖ ਦਾ ਫ਼ਰਜ਼ ਹੈ। ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਪੜਾਵਾਂ ’ਤੇ ਸੰਗਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।

Advertisement
Show comments