ਸ਼ਹੀਦੀ ਸ਼ਤਾਬਦੀ: ਨਗਰ ਕੀਰਤਨ ਦਾ ਛੱਤੀਸਗੜ੍ਹ ਪੁੱਜਣ ’ਤੇ ਭਰਵਾਂ ਸਵਾਗਤ
ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਬੀਤੀ ਰਾਤ ਛਤੀਸਗੜ੍ਹ ਵਿੱਚ ਪੁੱਜਣ ’ਤੇ ਸੂਬਾ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਸੀ।
ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਨੂੰ ਛਤੀਸਗੜ੍ਹ ਸਰਕਾਰ ਨੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਇਆ ਹੈ ਤਾਂ ਜੋ ਬੱਚੇ ਇਸ ਮਹਾਨ ਵਿਰਾਸਤ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਛਤੀਸਗੜ੍ਹ ਵਿੱਚ ਨਗਰ ਕੀਰਤਨ ਦੇ ਰਸਤੇ ’ਤੇ ਸਰਕਾਰ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੇ ਉਪ ਮੁੱਖ ਮੰਤਰੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਸ੍ਰੀ ਜੱਸੀ ਨੇ ਸੂਬੇ ਅੰਦਰ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਸ਼੍ਰੋਮਣੀ ਕਮੇਟੀ ਵੱਲੋਂ ਧੰਨਵਾਦ ਕੀਤਾ।
ਇਸੇ ਦੌਰਾਨ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਿਲਾਸਪੁਰ ਵਿੱਚ ਵਿਸ਼ਰਾਮ ਕਰਨ ਮਗਰੋਂ ਅਗਲੇ ਪੜਾਅ ਗੁਰਦੁਆਰਾ ਗੁਰੂ ਸਿੰਘ ਸਭਾ ਕੋਰਬਾ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧਕਾਂ ਵੱਲੋਂ ਧਾਰਮਿਕ ਦੀਵਾਨ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਬਾਰੇ ਕਥਾ ਵਿਖਿਆਨ ਕੀਤਾ। ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਸ਼ਹੀਦੀ ਨਗਰ ਕੀਰਤਨ ਦਾ ਸੰਗਤ ਨੇ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ। ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਨਗਰ ਕੀਰਤਨ ਪ੍ਰਤੀ ਵੱਡੀ ਸ਼ਰਧਾ ਦਿਖਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਅਮਲਾ, ਸਥਾਨਕ ਪ੍ਰਬੰਧਕ ਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।