ਸ਼ਹੀਦੀ ਸ਼ਤਾਬਦੀ: ਨਗਰ ਕੀਰਤਨ ਜੋਧਪੁਰ ਪੁੱਜਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਸੱਚਖੰਡ ਦਰਬਾਰ ਸਾਹਿਬ ਉਦੈਪੁਰ ਰਾਜਸਥਾਨ ਤੋਂ ਆਪਣੇ ਅਗਲੇ ਪੜਾਅ ਜੋਧਪੁਰ ਲਈ ਰਵਾਨਾ ਹੋਇਆ ਅਤੇ ਦੇਰ ਸ਼ਾਮ ਉਥੇ ਪੁੱਜ ਗਿਆ ਹੈ। ਇਸ ਦੌਰਾਨ ਸੰਗਤ ਵਲੋਂ ਨਗਰ ਕੀਰਤਨ ਦਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰੇ ਵਿੱਚ ਦੀਵਾਨ ਸਜਾਏ ਗਏ, ਜਿਸ ਵਿਚ ਕੀਰਤਨ ਤੋ ਬਾਅਦ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਦੱਸਿਆ ਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਿਆ।
ਨਗਰ ਕੀਰਤਨ ਦੀ ਰਵਾਨਗੀ ਮੌਕੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਇਸੇ ਦੌਰਾਨ ਮੀਤ ਸਕੱਤਰ ਸੁਖਬੀਰ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ’ਚ ਪੁੱਜੀਆਂ ਸੰਗਤਾਂ ਵਿੱਚ ਵੱਡਾ ਉਤਸ਼ਾਹ ਸੀ ਅਤੇ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋਂ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਜਗਸੀਰ ਸਿੰਘ ਮਾਂਗੇਆਣਾ, ਮੀਤ ਸਕੱਤਰ ਸੁਖਬੀਰ ਸਿੰਘ, ਵਧੀਕ ਮੈਨੇਜਰ ਜਸਬੀਰ ਸਿੰਘ, ਸਿੱਖ ਮਿਸ਼ਨ ਮੱਧ ਪ੍ਰਦੇਸ਼ ਦੇ ਇੰਚਾਰਜ ਬਲਦੇਵ ਸਿੰਘ ਓਗਰਾ, ਰਾਜਸਥਾਨ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਜਰਨੈਲ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ, ਸੁਪਰਵਾਈਜ਼ਰ ਮੋਹਨਦੀਪ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।