ਸ਼ਹੀਦੀ ਸ਼ਤਾਬਦੀ: ਸਾਈਕਲ ਯਾਤਰਾ ਪੰਜਾਬ ’ਚ ਦਾਖ਼ਲ
ਦਰਸ਼ਨ ਸਿੰਘ ਮਿੱਠਾ
ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸ਼ੁਰੂ ਕੀਤੀ ਗਈ ਸਾਈਕਲ ਯਾਤਰਾ ਦਾ ਅੱਜ ਇਥੇ ਗਗਨ ਚੌਕ ਅਤੇ ਸ਼ੰਭੂ ਬਾਰਡਰ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਯਾਤਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਵਿੱਚ ਅੱਜ ਪੰਜਾਬ ਵਿੱਚ ਦਾਖਲ ਹੋਈ। ਇਸ ਮੌਕੇ ਸਵਾਗਤ ਕਰਨ ਲਈ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸ਼੍ੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਕਈ ਨਿਹੰਗ ਜਥੇਬੰਦੀਆਂ ਅਤੇ ਸਿੱਖ ਸਭਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਮਨਜੀਤ ਸਿੰਘ ਜੀਕੇ, ਬਾਬਾ ਬਲਬੀਰ ਸਿੰਘ ਅਤੇ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਾਨਵਤਾ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਕੁਰਬਾਨ ਕੀਤਾ, ਜੋ ਵਿਸ਼ਵ ਇਤਿਹਾਸ ਦਾ ਅਦੁੱਤੀ ਉਦਾਹਰਣ ਹੈ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅੱਜ ਸਿੱਖ ਕੌਮ ਵਿਰੁੱਧ ਚੱਲ ਰਹੀਆਂ ਨਕਾਰਾਤਮਕ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਸ ਦੌਰਾਨ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਗੋਨਾ ਵੱਲੋਂ ਮਨਜੀਤ ਸਿੰਘ ਜੀਕੇ ਅਤੇ ਸਾਈਕਲ ਯਾਤਰਾ ਵਿੱਚ ਸ਼ਾਮਲ ਮੈਂਬਰਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ’ਤੇ ਜਥੇਦਾਰ ਗੜੀ ਅਤੇ ਜਥੇਦਾਰ ਲਾਛੜੂ ਨੇ ਸੰਗਤਾਂ ਦਾ ਧੰਨਵਾਦ ਕੀਤਾ।
