ਵਿਆਹੁਤਾ ਦਾ ਗਲ ਘੁੱਟ ਕੇ ਕਤਲ, ਪਤੀ ਤੇ ਸੱਸ ਵਿਰੁੱਧ ਕੇਸ ਦਰਜ
ਜੋਗਿੰਦਰ ਸਿੰਘ ਮਾਨ
ਇਸ ਜ਼ਿਲ੍ਹੇ ਦੇ ਪਿੰਡ ਦਲੀਏਵਾਲੀ ਵਿਆਹੁਤਾ ਦਾ ਸਹੁਰੇ ਪਰਿਵਾਰ ਨੇ ਕਥਿਤ ਤੌਰ ’ਤੇ ਗਲ ਘੁਟ ਕੇ ਕਤਲ ਕਰ ਦਿੱਤਾ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਅਤੇ ਸੱਸ ਵਿਰੁੱਧ ਧਾਰਾ 103 ਬੀ ਐੱਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਲਾਸ਼ ਨੂੰ ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦਲੀਏਵਾਲੀ ਦੀ ਵਿਆਹੁਤਾ 10 ਸਾਲ ਦੇ ਬੱਚੇ ਦੀ ਮਾਂ ਅਮਨਦੀਪ ਕੌਰ ਦਾ ਇੱਕ ਦਿਨ ਪਹਿਲਾਂ ਹੀ ਆਪਣੇ ਸਹੁਰਿਆਂ ਨਾਲ ਝਗੜਾ ਹੋਇਆ ਸੀ।
ਸਹੁਰਿਆਂ ਨੂੰ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ ਅਤੇ ਇਹ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਅਮਨਦੀਪ ਕੌਰ ਦਾ ਉਸ ਦੀ ਸੱਸ ਅਤੇ ਪਤੀ ਨੇ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪਹਿਲਾਂ ਇਸ ਨੂੰ ਖ਼ੁਦਕੁਸ਼ੀ ਦੱਸਿਆ ਜਾ ਰਿਹਾ ਸੀ।
ਥਾਣਾ ਸਦਰ ਮਾਨਸਾ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਪਿਤਾ ਭਗਵਾਨ ਸਿੰਘ ਨੇ ਆਪਣੇ ਬਿਆਨ ਵਿੱਚ ਦਰਜ ਕਰਵਾਇਆ ਸੀ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਾਫ਼ੀ ਸਮੇਂ ਤੋਂ ਤੰਗ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਧੀ ਦਾ ਸੱਸ ਅਤੇ ਉਸ ਦੇ ਪਤੀ ਨੇ ਗਲਾ ਘੁੱਟਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਮਨਦੀਪ ਕੌਰ ਦੇ ਪਿਤਾ ਭਗਵਾਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੱਸ ਸੁਖਪਾਲ ਅਤੇ ਉਸ ਦੇ ਪਤੀ ਊਧਮ ਸਿੰਘ ਖ਼ਿਲਾਫ਼ 103 ਬੀ ਐੱਨ ਐੱਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਲਕੇ ਅਮਨਦੀਪ ਕੌਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
