ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਮਿਤ੍ਰਕਾ ਦੇ ਪਤੀ, ਦਿਓਰ, ਦਰਾਣੀ ਸਣੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ; ਪਤੀ ਗ੍ਰਿਫ਼ਤਾਰ
Advertisement
ਸਹੁਰਾ ਪਰਿਵਾਰ ਤੋਂ ਕਥਿਤ ਤੌਰ ’ਤੇ ਦੁਖੀ ਵਿਆਹੁਤਾ ਨੇ ਸ਼ਹਿਰ ਧਾਰੀਵਾਲ ਵਿੱਚ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨਹਿਰ ਵਿੱਚ ਤੈਰਦੀ ਔਰਤ ਨੂੰ ਕੁੱਝ ਲੋਕਾਂ ਨੇ ਬਾਹਰ ਕੱਢ ਕੇ ਤੁਰੰਤ ਸੀਐੱਚਸੀ ਧਾਰੀਵਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰਣਜੀਤ (34) ਵਜੋਂ ਹੋਈ। ਮ੍ਰਿਤਕਾ ਦੇ ਪਿਤਾ ਵਰਿਆਮ ਮਸੀਹ ਵਾਸੀ ਮਰੜ ਥਾਣਾ ਸਦਰ ਬਟਾਲਾ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਉਸ ਦੀ ਧੀ ਰਣਜੀਤ ਦਾ ਵਿਆਹ ਦੋ ਸਾਲ ਪਹਿਲਾਂ ਸਰਬਦਿਆਲ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਇਨ੍ਹਾਂ ਦਾ ਸਾਲ ਦਾ ਪੁੱਤਰ ਹੈ। ਸਰਬਦਿਆਲ ਦੇ ਆਪਣੀ ਪਹਿਲੇ ਵਿਆਹ ਦੀ ਸਾਲੇਹਾਰ ਪੂਨਮ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸ ਦਾ ਉਹ ਤੇ ਉਸ ਦੀ ਧੀ (ਰਣਜੀਤ) ਵਿਰੋਧ ਕਰਦੇ ਸੀ। ਸਰਬਦਿਆਲ ਤੇ ਹੋਰਨਾਂ ਨੇ ਰਣਜੀਤ ਦੀ ਕੁੱਟਮਾਰ ਕਰਕੇ ਉਸ ਨੂੰ 18 ਅਗਸਤ ਨੂੰ ਘਰੋਂ ਕੱਢ ਦਿੱਤਾ। ਇਸ ਕਾਰਨ ਉਸ ਦੀ ਧੀ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਮ੍ਰਿਤਕਾ ਦੇ ਪਿਤਾ ਵਰਿਆਮ ਮਸੀਹ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਸਰਬਦਿਆਲ, ਦਿਓਰ ਲੱਕੀ, ਦਰਾਣੀ ਜੋਇਆ, ਨਣਦ ਪੰਮੀ ਅਤੇ ਪੂਨਮ ਦੇ ਖਿਲਾਫ਼ ਕੇਸ ਦਰਜ ਕਰਕੇ ਸਰਬਦਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Advertisement
Advertisement