ਜਲਾਲੀਆ ਦਰਿਆ ’ਚ ਪਾਣੀ ਵਧਣ ਕਾਰਨ ਕਈ ਪਿੰਡ ਪਾਣੀ ’ਚ ਘਿਰੇ
ਐੱਨ ਪੀ ਧਵਨ
ਜਲਾਲੀਆ ਅਤੇ ਉੱਝ ਦਰਿਆ ਵਿੱਚ ਅੱਜ ਪਾਣੀ ਵਧਣ ਕਾਰਨ ਪਠਾਨਕੋਟ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ 7-8 ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਾਣੀ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਜਾ ਵੜਿਆ ਹੈ। ਇਸ ਦਾ ਪਤਾ ਲੱਗਣ ’ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ੀਰੋ ਲਾਈਨ ’ਤੇ ਪੈਂਦੀਆਂ ਬੀਐੱਸਐੱਫ ਦੀਆਂ ਚੌਕੀਆਂ ਦਾ ਵੀ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਬੀਐੱਸਐੱਫ ਦੀ ਜੈਦਪੁਰ ਵਾਲੀ ਚੌਕੀ ਦੋਵਾਂ ਪਾਸਿਆਂ ਤੋਂ ਪਾਣੀ ਨਾਲ ਘਿਰੀ ਹੋਈ ਸੀ। ਉੱਝ ਦਰਿਆ ਵਿੱਚ ਤੜਕਸਾਰ ਹੀ 1 ਲੱਖ 19 ਹਜ਼ਾਰ ਕਿਊਸਕ ਤੋਂ ਵੱਧ ਪਾਣੀ ਪੁੱਜ ਗਿਆ ਸੀ ਜਦਕਿ ਜਲਾਲੀਆ ਦਰਿਆ ਵਿੱਚ 53 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਚੱਲ ਰਿਹਾ ਸੀ ਜੋ ਸ਼ਾਮ ਤੱਕ ਜਾਰੀ ਸੀ। ਜੈਨਪੁਰ ਵਿੱਚ 2 ਲੱਖ 45 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਪੁੱਜ ਚੁੱਕਾ ਹੈ ਜਦਕਿ ਰਾਵੀ ਦਰਿਆ ਦਾ ਪਾਣੀ ਧਰਮਕੋਟ ਰੰਧਾਵਾ ਵਿੱਚ 1 ਲੱਖ 7 ਹਜ਼ਾਰ ਕਿਊਸਕ ਚੱਲ ਰਿਹਾ ਸੀ।
ਅੱਜ ਪਏ ਮੀਂਹ ਨਾਲ ਸ਼ਾਹਪੁਰਕੰਢੀ ਤੋਂ ਰਣਜੀਤ ਸਾਗਰ ਡੈਮ ਨੂੰ ਜਾਣ ਵਾਲੀ ਸੜਕ ’ਤੇ ਕੇਰੂ ਪਹਾੜ ਦਾ ਮਲਬਾ ਡਿੱਗ ਪਿਆ। ਇਸ ਨਾਲ ਸ਼ਾਹਪੁਰਕੰਢੀ ਤੋਂ ਡੈਮ, ਡੱਲਾ, ਧਾਰ, ਦੁਨੇਰਾ ਦੀ ਆਵਾਜਾਈ ਪ੍ਰਭਾਵਿਤ ਹੋਈ। ਇੱਕ ਹੋਰ ਸਥਾਨ ’ਤੇ ਧਾਰਕਲਾਂ ਵਾਲੀ ਸੜਕ ਦੀ ਮਿੱਟੀ ਖਿਸਕਣ ਨਾਲ ਗੁਰਦੁਆਰੇ ਕੋਲ ਭਟਵਾਂ ਵਿੱਚ ਮਿੱਟੀ ਰੁੜ ਕੇ ਘਰਾਂ ਅੱਗੇ ਆ ਗਈ। ਇੱਕ ਮਕਾਨ ਮਾਲਕ ਬਲਵੰਤ ਰਾਜ ਨੇ ਕਿਹਾ ਕਿ ਮਲਬਾ ਉਸ ਦੇ ਘਰ ਦੀਆਂ ਖਿੜਕੀਆਂ ਤੱਕ ਪਹੁੰਚ ਚੁੱਕਾ ਹੈ। ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਤੇ ਵੱਸੇ ਪਿੰਡ ਜੰਗਲੋਟ ਵਿੱਚ ਬੱਦਲ ਫਟਣ ਕਰਕੇ ਅਤੇ ਭਾਰੀ ਮੀਂਹ ਕਰਨ ਉੱਝ ਦਰਿਆ ਅਤੇ ਜਲਾਲੀਆ ਦਰਿਆਵਾਂ ਵਿੱਚ ਪਾਣੀ ਆਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਜੈਦਪੁਰ, ਮਨਵਾਲ, ਮਗਵਾਲ, ਝੜੋਲੀ, ਛੰਨੀ, ਅਨਿਆਲ, ਬਮਿਆਲ, ਮੁੱਠੀ ਅਤੇ ਬੀਐੱਸਐੱਫ ਪੋਸਟ ਜੈਦਪੁਰ ਹੜ੍ਹ ਦੇ ਪਾਣੀ ਨਾਲ ਕਾਫੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਮਿੱਟੀ ਕਿਸਾਨਾਂ ਦੇ ਖੇਤਾਂ ਵਿੱਚ ਪੁੱਜ ਗਈ ਹੈ।
ਪੌਂਗ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਮੁਕੇਰੀਆਂ (ਜਗਜੀਤ ਸਿੰਘ): ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1380 ਫੁੱਟ ਨੂੰ ਪਾਰ ਕਰ ਕੇ 1381.42 ਫੁੱਟ ਹੋ ਗਿਆ ਹੈ ਅਤੇ ਦੇਰ ਸ਼ਾਮ 8 ਵਜੇ ਦੇ ਅੰਕੜਿਆਂ ਅਨੁਸਾਰ ਪਿੱਛੇ ਤੋਂ ਪਾਣੀ ਦੀ ਆਮਦ 1,73,311 ਕਿਊਸਕ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ, ਕਿਉਂਕਿ ਇਹ ਪਾਣੀ ਪਿੰਡਾਂ ਦੇ ਧੁੱਸੀ ਬੰਨ੍ਹ ਦੇ ਨਾਲ ਚੱਲ ਰਿਹਾ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਦੇਰ ਸ਼ਾਮ ਜਦੋਂ ਹੜ੍ਹ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਤਹਿਸੀਲ ਦਫ਼ਤਰ ਦੇ ਫਲੱਡ ਕੰਟਰੋਲ ਰੂਮ ਨੰਬਰ 01883-244310 ’ਤੇ ਸੰਪਰਕ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਦਫ਼ਤਰ ਜਾ ਕੇ ਦੇਖਿਆ ਤਾਂ ਫਲੱਡ ਕੰਟਰੋਲ ਰੂਮ ਦੋ ਮੁਲਾਜ਼ਮਾਂ ਦੇ ਸਹਾਰੇ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਇੱਕ ਲੋਕ ਨਿਰਮਾਣ ਵਿਭਾਗ ਦਾ ਮੁਲਾਜ਼ਮ ਤੇ ਇੱਕ ਸੇਵਾਦਾਰ ਸ਼ਾਮਲ ਹੈ। ਜਦੋਂ ਮੁਲਾਜ਼ਮ ਕੋਲੋਂ ਪੌਂਗ ਡੈਮ ਦੇ ਪਾਣੀ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਐੱਸਡੀਐੱਮ ਦਫ਼ਤਰ ਦੇ ਕਲਰਕ ਕੋਲ ਹੋਣ ਦਾ ਦਾਅਵਾ ਕਰ ਕੇ ਉਸ ਦਾ ਨੰਬਰ ਦੇ ਦਿੱਤਾ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਹਿਸੀਲਦਾਰ ਕਿਸੇ ਪਿੰਡ ਵਿੱਚ ਦੌਰੇ ’ਤੇ ਹਨ। ਜਦੋਂ ਐੱਸਡੀਐੱਮ ਮੁਕੇਰੀਆਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਸੀ ਕਿ ਉਨ੍ਹਾਂ ਡਿਊਟੀ ਮੈਜਿਸਟਰੇਟ ਵਜੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਡਿਊਟੀ ਲਾਈ ਹੋਈ ਹੈ ਅਤੇ ਉਨ੍ਹਾਂ ਦਾ ਹੈੱਡਕੁਆਰਟਰ ’ਤੇ ਹੋਣਾ ਲਾਜ਼ਮੀ ਨਹੀਂ ਹੈ।
ਹੰਗਾਮੀ ਹਾਲਾਤ ਪੈਦਾ ਹੋਣ ’ਤੇ ਸਥਿਤੀ ਨਜਿੱਠ ਲਈ ਜਾਵੇਗੀ: ਐੱਸਡੀਐੱਮ
ਮੁਕੇਰੀਆਂ: ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਬਾਹਰ ਹਨ ਅਤੇ ਮੁਕੇਰੀਆਂ ਆ ਰਹੇ ਹਨ ਜਦੋਂਕਿ ਐੱਸਡੀਐੱਮ ਮੁਕੇਰੀਆਂ ਅੰਕੁਰ ਮਹਿੰਦਰੂ ਨੇ ਕਿਹਾ ਕਿ ਹੜ੍ਹ ਪ੍ਰਬੰਧ ਮੁਕੰਮਲ ਹਨ ਅਤੇ ਫਲੱਡ ਕੰਟਰੋਲ ਰੂਮ ਵਿੱਚ ਸਥਿਤੀ ਸੰਭਾਲਣ ਲਈ ਬੀਡੀਪੀਓਜ਼ ਦੀ ਡਿਊਟੀ ਲਾਈ ਗਈ ਹੈ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਕੇ ’ਤੇ ਦੋ ਮੁਲਾਜ਼ਮਾਂ ਤੋਂ ਛੁੱਟ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਹੈ ਅਤੇ ਤਹਿਸੀਲਦਾਰ ਮੁਕੇਰੀਆਂ ਵੀ ਬਾਹਰ ਹਨ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਜੇ ਕੋਈ ਹੰਗਾਮੀ ਹਾਲਾਤ ਪੈਦਾ ਹੁੰਦੇ ਹਨ ਤਾਂ ਸਥਿਤੀ ਨਜਿੱਠ ਲਈ ਜਾਵੇਗੀ।