ਹੇਮਾ ਮਾਲਿਨੀ ਵੱਲੋਂ ਧਰਮਿੰਦਰ ਨਮਿਤ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੀਆਂ ਕਈ ਹਸਤੀਆਂ
ਅਦਾਕਾਰਾ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਵੱਲੋਂ ਆਪਣੇ ਪਤੀ ਪ੍ਰਸਿੱਧ ਬੌਲੀਵੁੱਡ ਅਦਾਕਾਰ ਧਰਮਿੰਦਰ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਇਥੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਸਮਾਗਮ ’ਚ ਹੇਮਾ ਮਾਲਿਨੀ, ਦੀਆਂ ਧੀਆਂ ਈਸ਼ਾ ਦਿਓਲ ਅਤੇ ਆਹਨਾ ਦਿਓਲ ਵੀ ਸ਼ਾਮਲ ਸਨ। ਸਮਾਗਮ ’ਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਭਾਜਪਾ ਦੇ ਸਿਰਕੱਢ ਆਗੂਆਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ। ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਧੀਆਂ, ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਮੁੰਬਈ ਵਿੱਚ ਧਰਮਿੰਦਰ ਦੀ ਯਾਦ ਵਿੱਚ ਕਰਵਾਈ ਪ੍ਰਾਰਥਨਾ ਸਭਾ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਨੇ ਅੱਜ ਦਿੱਲੀ ਵਿੱਚ ਪ੍ਰਾਰਥਨਾ ਸਭਾ ਕਰਵਾਈ।
ਹੇਮਾ ਅਤੇ ਈਸ਼ਾ ਨੂੰ ਧਰਮਿੰਦਰ ਦੀ ਫੋਟੋ ਦੇ ਸਾਹਮਣੇ ਫੁੱਲ ਚੜ੍ਹਾਏ। ਬਾਲੀਵੁੱਡ ਦੇ ‘ਹੀ-ਮੈਨ’ ਵਜੋਂ ਮਸ਼ਹੂਰ ਧਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ। 8 ਦਸੰਬਰ ਨੂੰ ਧਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਭਾਵਨਾਤਮਕ ਪੋਸਟਾਂ ਨਾਲ ਉਨ੍ਹਾਂ ਦੀ 90ਵੀਂ ਜਨਮ ਵਰ੍ਹੇਗੰਢ ਮਨਾਈ। ਇਸ ਪ੍ਰਾਰਥਨਾ ਸਭਾ ਬਾਰੇ ਰੇਖਾ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਪ੍ਰਸਿੱਧ ਅਦਾਕਾਰ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਧਰਮਿੰਦਰ ਨਮਿਤ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰੇਖਾ ਗੁਪਤਾ ਨੇ ਕਿਹਾ ਕਿ ਭਾਰਤੀ ਸਿਨੇਮਾ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਵਾਲੇ ਧਰਮਿੰਦਰ ਨੇ ਆਪਣੀ ਸ਼ਾਨਦਾਰ ਅਦਾਕਾਰੀ, ਸਾਦਗੀ ਭਰੇ ਸੁਭਾਅ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਲੱਖਾਂ ਦਿਲਾਂ ‘ਤੇ ਅਮਿੱਟ ਛਾਪ ਛੱਡੀ। ਸੰਸਦ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਅਤੇ ਰਾਸ਼ਟਰ ਹਿੱਤਾਂ ਪ੍ਰਤੀ ਡੂੰਘੀ ਸ਼ਰਧਾ ਨੂੰ ਤਰਜੀਹ ਦਿੱਤੀ। ਉਨ੍ਹਾਂ ਦਾ ਦੇਹਾਂਤ ਫਿਲਮ ਉਦਯੋਗ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਭਰੀ ਹਾਜ਼ਰੀ
ਮਰਹੂਮ ਬੌਲੀਵੁੱਡ ਸਟਾਰ ਧਰਮਿੰਦਰ ਦੀ ਸ਼ੋਕ ਸਭਾ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਮੁਖੀ ਜੇ ਪੀ ਨੱਢਾ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ, ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਮੇਤ ਹੋਰ ਮੌਜੂਦ ਸਨ। ਉਨ੍ਹਾਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
