ਮਾਨ ਨੇ ਚੈਂਪੀਅਨ ਕ੍ਰਿਕਟ ਖਿਡਾਰਨਾਂ ਨਾਲ ਕੀਤੀ ਗੱਲਬਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾਉਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤ ਕੇ ਦੇਸ਼ ਲਈ ਨਾਮਣਾ ਖੱਟਿਆ ਹੈ। ਭਾਰਤੀ ਕ੍ਰਿਕਟ ਟੀਮ, ਭਾਰਤੀ ਹਾਕੀ ਟੀਮ, ਮਹਿਲਾ ਕ੍ਰਿਕਟ ਟੀਮ, ਬਾਸਕਟਬਾਲ ਟੀਮ ਅਤੇ ਫੁਟਬਾਲ ਟੀਮ ਦੀ ਅਗਵਾਈ ਪੰਜਾਬ ਦੇ ਖਿਡਾਰੀ ਕਰ ਰਹੇ ਹਨ। ਇਸ ਤਰ੍ਹਾਂ ਪੰਜਾਬ ਦੀਆਂ ਧੀਆਂ ਨੇ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਪੰਜਾਬ ਦਾ ਪੂਰੇ ਦੇਸ਼ ਵਿੱਚ ਮਾਣ ਵਧਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਪ੍ਰਾਪਤੀ ਆਉਣ ਵਾਲੀਆਂ ਨਸਲਾਂ ਨੂੰ ਖੇਡਾਂ ਦੇ ਖ਼ੇਤਰ ਵਿੱਚ ਨਾਮਣਾ ਖੱਟਣ ਲਈ ਉਤਸ਼ਾਹਿਤ ਕਰੇਗੀ। ਸਮੁੱਚੀ ਟੀਮ ਨੇ ਇਸ ਸ਼ਾਨਦਾਰ ਜਿੱਤ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਦੀਆਂ ਧੀਆਂ ਨੇ ਆਪਣੀ ਕਾਬਲੀਅਤ ਨਾਲ ਕੌਮਾਂਤਰੀ ਕ੍ਰਿਕਟ ਵਿੱਚ ਆਪਣੇ ਲਈ ਵੱਖਰੀ ਥਾਂ ਤੇ ਪਛਾਣ ਬਣਾਈ ਹੈ।
