ਮਨਕੀਰਤ ਔਲਖ ਨੇ ਹੜ੍ਹ ਪੀੜਤਾਂ ਨੂੰ ਟਰੈਕਟਰ ਵੰਡੇ
ਦਲਬੀਰ ਸੱਖੋਵਾਲੀਆ
ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਦਸ ਟਰੈਕਟਰਾਂ ਦੀ ਪਹਿਲੀ ਖੇਪ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ। ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੌ ਟਰੈਕਟਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਦਸ-ਦਸ ਟਰੈਕਟਰ ਹਰ ਹਫਤੇ ਪਹੁੰਚਣਗੇ। ਉਨ੍ਹਾਂ ਛੇ ਲੱਖ ਰੁਪਏ ਘੋਨੇਵਾਲ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਦੇ ਗੁਰੂ ਕਾ ਬਾਗ ਕਾਰਸੇਵਾ ਵਾਲੇ ਜਥੇਦਾਰ ਸਤਨਾਮ ਸਿੰਘ ਨੂੰ ਦਾਨ ਵਜੋਂ ਦਿੱਤੇ।
ਔਲਖ ਨੇ ਦੱਸਿਆ ਕਿ ਇਹ ਟਰੈਕਟਰ ਗਲੋਬਲ ਸਿੱਖ ਫਾਉੂਡੇਸ਼ਨ ਨੂੰ ਦਿੱਤੇ ਗਏ ਹਨ, ਜੋ ਇਸ ਖੇਤਰ ਦੇ ਲੋੜਵੰਦ ਕਿਸਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਦੇਣਗੇ। ਉਨ੍ਹਾਂ ਸੌ ਟਰੈਕਟਰਾਂ ਦੀ ਕੀਮਤ ਕਰੀਬ ਛੇ ਕਰੋੜ ਰੁਪਏ ਦੱਸਦਿਆਂ ਕਿਹਾ ਕਿ ਇਹ ਹੜ੍ਹਾਂ ਦੀ ਬਿਪਤਾ ਪੰਜਾਬ ਵਿੱਚ ਪਹਿਲੀ ਵਾਰੀ ਨਹੀਂ ਆਈ, ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਤਾਂ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲਿਆ ਹੈ। ਗਾਇਕ ਔਲਖ ਨੇ ਪੰਜਾਬ, ਪੰਜਾਬੀਆਂ ਦੇ ਸੁਭਾਅ ਦੀ ਵਡਿਆਈ ਕਰਦਿਆਂ ਦੱਸਿਆ ਕਿ ਪੰਜਾਬੀ ਤਾਂ ਵਿਦੇਸ਼ਾਂ ਵਿੱਚ ਆਉਂਦੀ ਬਿਪਤਾ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ, ਇਹ ਤਾਂ ਸਾਡੀ ਆਪਣੀ ਜਨਮ ਭੌਂਇ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਵੇ ਤਾਂ ਜੋ ਹੜ੍ਹਾਂ ’ਚ ਨੁਕਸਾਨੇ ਲੋਕਾਂ ਨੂੰ ਰਾਹਤ ਮਿਲ ਸਕੇ। ਔਲਖ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਹਨ, ਪਰ ਵਾਹਿਗੁਰੂ ਅਤੇ ਪੰਜਾਬ ਪੁਲੀਸ ਉੱਤੇ ਅਟੁੱਟ ਭਰੋਸਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਡਾ ਭਰਾ ਦੱਸਦਿਆਂ ਸੂਬੇ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਮੰਗ ਕੀਤੀ।