ਸਟੋਰ ਮਾਲਕ ’ਤੇ ਗੋਲੀ ਚਲਾਉਣ ਵਾਲਾ ਮੁੁਕਾਬਲੇ ’ਚ ਜ਼ਖ਼ਮੀ
ਪਿੰਡ ਰੂਮੀ ਵਿੱਚ ਰਾਏਕੋਟ ਰੋਡ ’ਤੇ ਗੁਰੂ ਨਾਨਕ ਹਾਰਡਵੇਅਰ ਸਟੋਰ ਦੇ ਮਾਲਕ ’ਤੇ 4 ਜੁਲਾਈ ਦੀ ਰਾਤ ਨੂੰ ਗੋਲੀ ਚਲਾਉਣ ਵਾਲਾ ਸ਼ਾਰਪ ਸ਼ੂਟਰ ਨਾਨਕ ਰਾਮ ਪੁਲੀਸ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਨੂੰ 4 ਜੁਲਾਈ ਨੂੰ ਗੋਲੀਆਂ ਚਲਾਉਣ ਲਈ ਵਰਤੇ ਹਥਿਆਰ ਦੀ ਬਰਾਮਦਗੀ ਲਈ ਪਿੰਡ ਸੋਹੀਆਂ ਲਿਜਾਇਆ ਗਿਆ ਸੀ ਅਤੇ ਇਸ ਦੌਰਾਨ ਉਸ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਦਰ ਨੇ 5 ਜੁਲਾਈ ਨੂੰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਜਾਂਚ ਆਰੰਭੀ ਸੀ। ਮਗਰੋਂ ਪੁਲੀਸ ਨੇ ਜਤਿੰਦਰ ’ਤੇ ਗੋਲੀ ਚਲਾਉਣ ਵਾਲੇ ਸ਼ੂਟਰਾਂ ਨਾਨਕ ਰਾਮ ਤੇ ਦੀਪੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਹਮਲੇ ਵਿੱਚ ਵਰਤਿਆ ਹਥਿਆਰ ਪਿੰਡ ਸੋਹੀਆਂ ਕੋਲ ਕਿਸੇ ਜਗ੍ਹਾ ’ਤੇ ਦਬਾਇਆ ਹੋਇਆ ਹੈ। ਬੀਤੀ ਰਾਤ ਜਦੋਂ ਪੁਲੀਸ ਉਨ੍ਹਾਂ ਨੂੰ ਉਥੇ ਲੈ ਕੇ ਗਈ ਤਾਂ ਨਾਨਕ ਰਾਮ ਨੇ ਉਸੇ ਹਥਿਆਰ ਨਾਲ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ।