ਗਲਾ ਘੁੱਟ ਕੇ ਪਤਨੀ ਦੀ ਹੱਤਿਆ ਕਰਨ ਵਾਲੇ ਨੂੰ ਉਮਰ ਕੈਦ
ਕੋਟਕਪੂਰਾ ਦੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਵਿੱਚ ਸ਼ੈਸ਼ਨ ਜੱਜ ਵਰਿੰਦਰ ਕੁਮਾਰ ਅਗਰਵਾਲ ਨੇ ਉਮਰ ਕੈਦ ਅਤੇ 10 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੋਟਕਪੁਰਾ ਪੁਲੀਸ ਨੇ ਰਾਮ ਤਾਂਤੀ ਨਾਮੀ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਸੰਦੀਪ ਕੁਮਾਰ ਖਿਲਾਫ਼ 17 ਮਈ 2024 ਨੂੰ ਕਤਲ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਰਾਮ ਤਾਂਤੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੀ ਭੈਣ ਰੀਨਾ ਦੇਵੀ ਦਾ ਵਿਆਹ ਸੰਦੀਪ ਕੁਮਾਰ ਨਾਲ ਹੋਇਆ ਸੀ, ਜੋ ਕਿ ਬੇਰੁਜ਼ਗਾਰ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ।
ਨਸ਼ੇ ਪੂਰਤੀ ਲਈ ਉਹ ਆਪਣੀ ਪਤਨੀ ਰੀਨਾ ਦੇਵੀ ਤੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦਾ ਸੀ। ਇਸ ਵਾਰ ਵੀ ਜਦੋਂ ਸੰਦੀਪ ਨੇ ਆਪਣੀ ਪਤਨੀ ਰੀਨਾ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਰੀਨਾ ਦੇਵੀ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਸੰਦੀਪ ਨੇ ਗੁੱਸੇ ਵਿੱਚ ਆ ਕੇ ਰੀਨਾ ਦਾ ਚੁੰਨੀ ਨਾਲ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ। ਦਸ ਦਈਏ ਕਿ ਰੀਨਾ ਦੇਵੀ ਤੇ ਸੰਦੀਪ ਤਿੰਨ ਬੱਚਿਆਂ ਦੇ ਮਾਤਾ-ਪਿਤਾ ਹਨ।