ਵਿਆਹ ਕਰਵਾਉਣ ਆਈ 72 ਸਾਲਾ ਐੱਨ ਆਰ ਆਈ ਨੂੰ ਮਾਰਨ ਵਾਲਾ ਕਾਬੂ
ਅਮਰੀਕਾ ਦੇ ਸੀਆਟਲ ਸ਼ਹਿਰ ਦੀ 72 ਸਾਲਾ ਐਨ ਆਰ ਆਈ ਔਰਤ ਨੂੰ ਲੁਧਿਆਣਾ ਅਧੀਨ ਪੈਂਦੇ ਪਿੰਡ ਕਿਲਾ ਰਾਏਪੁਰ ਦੇ ਇੱਕ ਘਰ ਅੰਦਰ ਕਰੀਬ ਦੋ ਮਹੀਨੇ ਪਹਿਲਾਂ ਕਤਲ ਕਰਕੇ ਉਸ ਦੀ ਲਾਸ਼ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ ਜਿਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐੱਨ ਆਰ ਆਈ ਚਰਨਜੀਤ ਸਿੰਘ ਗਰੇਵਾਲ ਵੱਲੋਂ ਘੜੀ ਸਾਜਿਸ਼ ਅਨੁਸਾਰ ਕਤਲ ਕਰਨਾ ਕਬੂਲਿਆ ਹੈ। ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਸੋਨੂੰ ਨੂੰ ਪੰਜਾਹ ਲੱਖ ਰੁਪਏ ਨਗ਼ਦ ਅਦਾ ਕੀਤੇ ਜਾਣੇ ਸਨ।
ਮ੍ਰਿਤਕਾ ਦੀ ਅਮਰੀਕਾ ਰਹਿੰਦੀ ਭੈਣ ਕਮਲ ਕੌਰ ਖਹਿਰਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੋਨੂੰ ਦੇ ਭਰਾ ਅਤੇ ਚਰਨਜੀਤ ਸਿੰਘ ਗਰੇਵਾਲ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਰੁਪਿੰਦਰ ਕੌਰ ਦੀ ਲਾਸ਼ ਬਰਾਮਦ ਕਰਵਾਈ ਜਾਵੇ।
ਸੁਖਜੀਤ ਸਿੰਘ ਸੋਨੂੰ ਨੇ 18 ਅਗਸਤ ਨੂੰ ਡੇਹਲੋਂ ਪੁਲੀਸ ਕੋਲ ਸ਼ਿਕਾਇਤ ਲਿਖਵਾਈ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦੋ ਤਿੰਨ ਮਹੀਨਿਆਂ ਤੋਂ ਠਹਿਰੀ ਹੋਈ ਰੁਪਿੰਦਰ ਕੌਰ ਅਗਵਾ ਕਰ ਲਿਆ।
ਇਸ ਤੋਂ ਪਹਿਲਾਂ ਰੁਪਿੰਦਰ ਦੀ ਭੈਣ ਕਮਲ ਕੌਰ ਖਹਿਰਾ ਨੇ ਰੁਪਿੰਦਰ ਦਾ ਫੋਨ ਬੰਦ ਮਿਲਣ ਤੋਂ ਚਾਰ ਦਿਨ ਬਾਅਦ 28 ਜੁਲਾਈ ਨੂੰ ਭਾਰਤ ਵਿੱਚ ਅਮਰੀਕੀ ਦੂਤਾਵਾਸ ਤੋਂ ਦਖਲ ਦੀ ਮੰਗ ਕੀਤੀ ਸੀ। ਕਮਲ ਕੌਰ ਖਹਿਰਾ ਨੂੰ ਕਿਸੇ ਪਰਿਵਾਰਕ ਦੋਸਤ ਦਾ ਫੋਨ ਆਇਆ ਸੀ ਕਿ ਰੁਪਿੰਦਰ ਕੌਰ ਪੰਧੇਰ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਡੇਹਲੋਂ ਪੁਲੀਸ ਨੇ ਇਸ ਸਬੰਧ ਵਿੱਚ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ।
ਕਮਲ ਕੌਰ ਖਹਿਰਾ ਨੇ ਦੱਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਪੰਧੇਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲਾ ਰਾਏਪੁਰ ਪਹੁੰਚਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਰੁਪਿੰਦਰ ਨੇ ਸੋਨੂੰ ਅਤੇ ਉਸ ਦੇ ਭਰਾ ਦੇ ਖਾਤਿਆਂ ਵਿੱਚ ਵੀ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸਨ।
ਭਾਵੇਂ ਪੁਲੀਸ ਨੇ ਇਸ ਕੇਸ ਬਾਰੇ ਹਾਲ ਦੀ ਘੜੀ ਚੁੱਪੀ ਸਾਧ ਰੱਖੀ ਹੈ ਪਰ ਐੱਸ ਐੱਚ ਓ ਸੁਖਵਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤੀ ਰਿਪੋਰਟ ਨੂੰ ਵਾਚਣ ਤੋਂ ਪਤਾ ਚੱਲਿਆ ਹੈ ਕਿ ਸੋਨੂੰ ਨੇ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ ’ਤੇ ਉਕਤ ਕਤਲ ਕੀਤਾ ਸੀ ਅਤੇ ਲਾਸ਼ ਸਟੋਰ ਅੰਦਰ ਹੀ ਸਾੜ ਦਿੱਤੀ ਸੀ।
ਰਿਪੋਰਟ ਅਨੁਸਾਰ ਪੁਲੀਸ ਨੇ ਸੁਖਜੀਤ ਸਿੰਘ ਸੋਨੂੰ ਦੇ ਘਰੋਂ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ।