ਸਾਗ ਛਕ ਕੇ ਪਰਾਲੀ ਨਾ ਸਾੜਨ ਦੀ ਨਸੀਹਤ ਦੇ ਗਏ ‘ਮਾਮਾ’
ਸ੍ਰੀ ਚੌਹਾਨ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਚਿੰਤਤ ਕੀਤਾ ਹੈ ਅਤੇ ਉਹ ਰਣਸੀਂਹ ਕਲਾਂ ’ਚ ਪਰਾਲੀ ਨਾ ਸਾੜਨ ਦੇ ਪ੍ਰਯੋਗ ਨੂੰ ਪੂਰੇ ਦੇਸ਼ ’ਚ ਲਿਜਾਣ ਲਈ ਆਏ ਹਨ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਸਿੱਧੀ ਬਿਜਾਈ, ਖਾਦ ਦੀ ਘੱਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਨੂੰ ਸਮਝਿਆ। ਕਿਸਾਨੀ ਨੂੰ ਅਰਥਚਾਰੇ ਦੀ ਰੀੜ੍ਹ ਦੱਸਦਿਆਂ ਉਨ੍ਹਾਂ ਕੁਦਰਤੀ ਖੇਤੀ ਉਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਤੇ ਮਿੱਟੀ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਵੱਧ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚਣਾ ਪਵੇਗਾ। ਸਿਰਫ ਕਣਕ ਅਤੇ ਝੋਨੇ ਦੀ ਖੇਤੀ ਹੀ ਨਹੀਂ ਸਗੋਂ ਫਲਾਂ, ਫੁੱਲਾਂ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਵੀ ਉਤਸ਼ਾਹਿਤ ਕਰਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਪੱਖੀ ਨੀਤੀਆਂ ਅਤੇ ਤਕਨੀਕ ਅਧਾਰਿਤ ਪਾਰਦਰਸ਼ੀ ਪ੍ਰਬੰਧ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਐੱਫ ਪੀ ਓ (ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਹਜ਼ਾਰਾਂ ਕਿਸਾਨ ਮਿਲ ਕੇ ਆਪਣੀ ਆਰਥਿਕ ਸ਼ਕਤੀ ਵਧਾ ਸਕਣ। ਸੁਨੀਲ ਜਾਖੜ ਨੇ ਕਿਹਾ ਕਿ ਪਰਾਲੀ ਕਿਸਾਨ ਲਈ ਇਕ ਵੱਡੀ ਸਮੱਸਿਆ ਹੈ ਪਰ ਇਸ ਨੂੰ ਆਮਦਨ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
