ਮਹਿਲ ਕਲਾਂ: ਨਿੱਜੀ ਸਕੂਲ ਦੀ ਬੱਸ ਪਲਟੀ; ਕੰਡਕਟਰ ਦੀ ਮੌਤ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਜੁਲਾਈ
ਮਹਿਲ ਕਲਾਂ ਨੇੜੇ ਨਿੱਜੀ ਸਕੂਲ ਦੀ ਬੱਸ ਖੇਤਾਂ ਵਿੱਚ ਪਲਟ ਜਾਣ ਕਾਰਨ ਕੰਡਕਟਰ ਦੀ ਮੌਤ ਹੋ ਗਈ, ਜਦਕਿ ਬੱਚਿਆਂ ਦਾ ਬਚਾਅ ਹੋ ਗਿਆ। ਇਹ ਘਟਨਾ ਕਿਰਪਾਲ ਸਿੰਘ ਵਾਲਾ ਲਿੰਕ ਸੜਕ ’ਤੇ ਦੁਪਹਿਰੇ ਵਾਪਰੀ। ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਪਿੰਡ ਵਾਸੀ ਮੌਕੇ ’ਤੇ ਪੁੱਜੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਬੱਸ ਡਰਾਈਵਰ ਹਰਪਿੰਦਰ ਸਿੰਘ ਨੇ ਕਿਹਾ ਕਿ ਉਹ ਮਹਿਲ ਕਲਾਂ ਤੋਂ ਕਿਰਪਾਲ ਸਿੰਘ ਵਾਲਾ ’ਚ ਬੱਚਿਆਂ ਨੂੰ ਛੱਡਣ ਜਾ ਰਹੇ ਸਨ। ਇਸ ਦੌਰਾਨ ਜਦੋਂ ਅੱਗੇ ਤੋਂ ਆ ਰਹੀ ਕਾਰ ਨੂੰ ਰਸਤਾ ਦੇਣ ਲੱਗੇ ਤਾਂ ਬੱਸ ਸੜਕ ਤੋਂ ਫਿਸਲ ਕੇ ਖੇਤਾਂ ਵਿੱਚ ਪਲਟ ਗਈ। ਇਸ ਕਾਰਨ ਬੱਸ ਕੰਡਕਟਰ ਅੰਮ੍ਰਿਤਪਾਲ ਸਿੰਘ (30) ਵਾਸੀ ਕਲਾਲ ਮਾਜਰਾ ਬੱਸ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਜਦਕਿ ਬਾਕੀ ਸਾਰੇ ਬੱਚਿਆਂ ਦਾ ਬਚਾਅ ਰਿਹਾ।
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੱਸ ਮਹਿਲ ਕਲਾਂ ਦੇ ਬਾਬਾ ਗਾਂਧਾ ਸਿੰਘ ਸਕੂਲ ਦੀ ਸੀ ਅਤੇ ਘਟਨਾ ਸਮੇਂ ਬੱਸ ਵਿੱਚ ਕਰੀਬ 33 ਬੱਚੇ ਮੌਜੂਦ ਸਨ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਮ੍ਰਿਤਕ ਦੇਹ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।