ਮੱਧ ਪ੍ਰਦੇਸ਼: ਰੇਬੀਜ਼ ਵਿਰੋਧੀ ਟੀਕਾ ਲਗਾਉਣ ਤੋਂ ਇਨਕਾਰ ਕਰਨ ’ਤੇ ਡਾਕਟਰ ਮੁਅੱਤਲ
ਧਾਰ (ਮੱਧ ਪ੍ਰਦੇਸ਼), 7 ਜੁਲਾਈ
ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਇਕ ਡਾਕਟਰ ਨੂੰ ‘ਪਦਮਸ੍ਰੀ’ ਨਾਲ ਸਨਮਾਨਿਤ ਸੁਬਰਤੋ ਦਾਸ ਦੀ ਪਤਨੀ ਨੂੰ ਰੇਬੀਜ਼ ਵਿਰੋਧੀ ਟੀਕਾ ਲਗਾਉਣ ਤੋਂ ਕਥਿਤ ਤੌਰ ’ਤੇ ਮਨ੍ਹਾਂ ਕਰਨ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਨਿਚਰਵਾਰ ਨੂੰ ਧਾਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 38 ਕਿਲੋਮੀਟਰ ਦੂਰ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ ਮਾਂਡੂ ਵਿੱਚ ਵਾਪਰੀ, ਜਿੱਥੇ ਵਡੋਦਰਾ ਦੇ ਡਾ. ਦਾਸ ਅਤੇ ਉਨ੍ਹਾਂ ਦੀ ਪਤਨੀ ਸੁਸ਼ਮਿਤਾ ਦਾਸ (60) ਘੁੰਮਣ ਆਏ ਸਨ ਤਾਂ ਇਕ ਲਾਵਾਰਸ ਕੁੱਤੇ ਨੇ ਉਨ੍ਹਾਂ ਦੀ ਪਤਨੀ ਦੇ ਪੈਰ ’ਤੇ ਕੱਟ ਲਿਆ। ਡਾ. ਦਾਸ ਨੇ ਦੱਸਿਆ ਕਿ ਜਦੋਂ ਪਤੀ-ਪਤਨੀ ਰੇਬੀਜ਼ ਦੇ ਟੀਕੇ ਲਈ ਸਥਾਨਕ ਸਿਹਤ ਕੇਂਦਰ ਪਹੁੰਚੇ ਤਾਂ ਉੱਥੇ ਮੌਜੂਦ ਡਾਕਟਰਾਂ ਨੇ ਟੀਕਾ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ। -ਪੀਟੀਆਈ
ਡਾਕਟਰ ਦਾ ਵਤੀਰਾ ਅਣਉਚਿਤ ਸੀ: ਡੀਸੀ
ਧਾਰ ਦੇ ਜ਼ਿਲ੍ਹਾ ਕੁਲੈਕਟਰ ਪ੍ਰਿਯੰਕ ਮਿਸ਼ਰਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਕੋਈ ਵੀ ਸਰਕਾਰੀ ਸੰਸਥਾ, ਭਾਵੇਂ ਉਹ ਹਸਪਤਾਲ, ਕਾਲਜ, ਸਕੂਲ, ਸੇਵਾ ਕੇਂਦਰ ਜਾਂ ਦਫ਼ਤਰ ਹੋਵੇ, ਉਸ ਨੂੰ ਸੇਵਾ ਦੇ ਚਾਹਵਾਨ ਹਰੇਕ ਨਾਗਰਿਕ ਨਾਲ ਸਨਮਾਨਪੂਰਵਕ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਨਿਰਧਾਰਤ ਸਮੇਂ ਦੇ ਅੰਦਰ ਲੋੜੀਂਦੀ ਸੇਵਾ ਮੁਹੱਈਆ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਡਾਕਟਰ ਦਾ ਵਤੀਰਾ ਅਣਉਚਿਤ ਸੀ ਅਤੇ ਉਸ ਦੀਆਂ ਹਰਕਤਾਂ ਸਵੀਕਾਰ ਨਾ ਕਰਨ ਵਾਲੀਆਂ ਸਨ, ਜਿਸ ਕਰ ਕੇ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।