ਪਸ਼ੂਆਂ ਦੇ ਐਕਸ-ਰੇਅ ਲਈ ਲੱਗਣਗੀਆਂ ਮਸ਼ੀਨਾਂ: ਖੁੱਡੀਆਂ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਟਿਆਲਾ ਤੋਂ ਸਰਕਾਰੀ ਵੈਟਰਨਰੀ ਪੌਲੀ ਕਲੀਨਿਕ ’ਚ ਪਸ਼ੂਆਂ ਲਈ ਡਿਜੀਟਲ ਐਕਸ-ਰੇਅ ਦੀ ਸਹੂਲਤ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਚੇਅਰਮੈਨ ਤਜਿੰਦਰ ਮਹਿਤਾ ਵੀ ਮੌਜੂਦ ਸਨ। ਮੰਤਰੀ ਖੁੱਡੀਆਂ ਨੇ ਕਿਹਾ ਕਿ ਪਟਿਆਲਾ ਦੇ ਪਸ਼ੂਆਂ ਦੇ ਸਰਕਾਰੀ ਹਸਪਤਾਲ ’ਚ 56 ਲੱਖ ਰੁਪਏ ਦੀ ਲਾਗਤ ਵਾਲੀ ਸੂਬੇ ਦੀ ਪਹਿਲੀ ਆਧੁਨਿਕ 800 ਐੱਮ ਏ ਐੱਸ ਐਕਸ-ਰੇਅ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਹੋਰਨਾਂ ਸਰਕਾਰੀ ਪਸ਼ੂ ਹਸਪਤਾਲਾਂ ’ਚ ਅਜਿਹੀਆਂ ਮਸ਼ੀਨਾਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਪਸ਼ੂਆਂ ਦੀਆਂ ਸਾਹ ਸਬੰਧੀ ਸਮੱਸਿਆਵਾਂ, ਹੱਡੀਆਂ ਦੀਆਂ ਬਿਮਾਰੀਆਂ, ਪੇਟ ਦੇ ਕੈਂਸਰ ਅਤੇ ਹੋਰ ਕਿਸਮਾਂ ਦੇ ਕੈਂਸਰ ਦੀ ਸਹੀ ਅਤੇ ਸਮੇਂ ਸਿਰ ਪਛਾਣ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਸ੍ਰੀ ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣਾ ਪੰਜਾਬ ਦੀ ਅਰਥ-ਵਿਵਸਥਾ ਦਾ ਅਟੁੱਟ ਹਿੱਸਾ ਹੈ।
ਪਸ਼ੂ ਪਾਲਣ ਸੇਵਾਵਾਂ ਨੂੰ ਮਜ਼ਬੂਤ ਕਰਨ ਨਾਲ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ। ਪੰਜ ਹਜ਼ਾਰ ਏਕੜ ਫ਼ਸਲਾਂ ਤਬਾਹ ਹੋਈਆਂ ਹਨ ਜਦੋਂਕਿ 2500 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।