ਬੇਕਾਬੂ ਬੱਸ ਦੀ ਟੱਕਰ ਕਾਰਨ ਸੱਤ ਜ਼ਖ਼ਮੀ
ਇਥੇ ਬੱਸ ਅੱਡੇ ਦੇ ਬਾਹਰ ਅੱਜ ਦੁਪਹਿਰ ਪ੍ਰਾਈਵੇਟ ਕੰਪਨੀ ਦੀ ਬੱਸ ਬੇਕਾਬੂ ਹੋ ਗਈ ਤੇ ਉਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਪੁਲ ਤੋਂ ਥੱਲੇ ਉਤਰਦੇ ਹੋਏ ਬੱਸ ਕਾਫ਼ੀ ਤੇਜ਼ ਗਤੀ ਨਾਲ ਚੱਲ ਰਹੀ ਸੀ ਤੇ ਅਚਾਨਕ ਬੇਕਾਬੂ ਹੋ ਗਈ, ਜਿਸ ਨੇ ਅੱਗੇ ਜਾ ਰਹੇ ਕਈ ਵਾਹਨਾਂ ਤੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 7 ਵਿਅਕਤੀ ਫੱਟੜ ਹੋ ਗਏ। ਮੋਟਰਸਾਈਕਲ, ਈ-ਰਿਕਸ਼ਾ ਸਣੇ ਕਈ ਵਾਹਨ ਇਸ ਬੱਸ ਦੀ ਲਪੇਟ ਵਿੱਚ ਆ ਗਏ। ਲੋਕਾਂ ਵੱਲੋਂ ਪਾਏ ਰੌਲੇ ਕਾਰਨ ਆਲੇ-ਦੁਆਲੇ ਪੈਦਲ ਚੱਲ ਰਹੇ ਲੋਕਾਂ ਨੇ ਇਧਰ ਉਧਰ ਹੋ ਕੇ ਆਪਣੀ ਜਾਨ ਬਚਾਈ। ਡਰਾਈਵਰ ਨੇ ਡਿਵਾਈਡਰ ’ਤੇ ਚੜ੍ਹਾ ਕੇ ਬੱਸ ਨੂੰ ਰੋਕਿਆ ਤੇ ਫ਼ਰਾਰ ਹੋ ਗਿਆ। ਲੋਕਾਂ ਨੇ ਕਾਫ਼ੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਰਿਹਾ। ਹਾਦਸੇ ਦੀ ਜਾਣਕਾਰੀ ਪੁਲੀਸ ਚੌਕੀ ਬੱਸ ਅੱਡੇ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲੀਸ ਨੇ ਫੱਟੜਾਂ ਨੂੰ ਸਿਵਲ ਹਸਪਤਾਲ ਭੇਜਿਆ।
ਹਾਦਸੇ ਵਿੱਚ ਸ਼ਿਮਲਾਪੁਰੀ ਵਾਸੀ ਸੰਤੋਸ਼ ਰਾਣੀ, ਉਸ ਦੀ ਧੀ ਮਹਿਕ, ਸੰਗਰੂਰ ਵਾਸੀ ਗੁਰਮੁੱਖ ਸਿੰਘ, ਮਨਜੀਤ ਕੌਰ, ਹੰਬੜਾ ਰੋਡ ਵਾਸੀ ਦਰਸ਼ਨ ਸਿੰਘ, ਮੇਵਾ ਸਿੰਘ ਤੇ ਈ-ਰਿਕਸ਼ਾ ਚਾਲਕ ਰਾਜਿੰਦਰ ਠਾਕੁਰ ਫੱਟੜ ਹੋ ਗਏ। ਫੱਟੜਾਂ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਬੱਸ ਨੂੰ ਜ਼ਬਤ ਕਰ ਲਿਆ ਹੈ। ਬੱਸ ਨੰਗਲ ਤੋਂ ਸਵਾਰੀਆਂ ਲੈ ਕੇ ਲੁਧਿਆਣਾ ਆ ਰਹੀ ਸੀ। ਇਸ ਦੌਰਾਨ ਪੁਲ ਤੋਂ ਹੇਠਾਂ ਉਤਰਦਿਆਂ ਇਹ ਹਾਦਸਾ ਹੋ ਗਿਆ।
