ਲੁਧਿਆਣਾ: ਦੀਵਾਲੀ ਮੌਕੇ 25 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ
ਇੱਥੋਂ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ ਦੀਵਾਲੀ ਦੀ ਰਾਤ ਨੂੰ ਲਗਪਗ 25 ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਕਾਲਾਂ ਪ੍ਰਾਪਤ ਹੋਈਆਂ, ਜਿਸ ਕਾਰਨ ਫਾਇਰਮੈਨ ਪੂਰੀ ਰਾਤ ਚੌਕਸ ਰਹੇ। ਇਨ੍ਹਾਂ ਕਾਲਾਂ ਵਿੱਚੋਂ ਕੁਝ ਹੀ ਵੱਡੀਆਂ ਸਨ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਸਹਾਇਕ ਡਿਵੀਜ਼ਨਲ ਫਾਇਰ ਸੇਫਟੀ ਅਫ਼ਸਰ ਜਸਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਲਗਪਗ 20 ਅੱਗ ਦੀਆਂ ਕਾਲਾਂ ਪ੍ਰਾਪਤ ਹੋਈਆਂ ਜਦੋਂ ਕਿ ਪੰਜ ਸਵੇਰੇ ਪ੍ਰਾਪਤ ਹੋਈਆਂ। ਫਾਇਰਮੈਨਾਂ ਨੇ ਤੁਰੰਤ ਸਾਰੀਆਂ ਸੂਚਨਾਵਾਂ ਤੇ ਪ੍ਰਤੀਕਿਰਿਆ ਦਿੱਤੀ ਅਤੇ ਘੱਟੋ ਘੱਟ ਸੰਭਵ ਸਮੇਂ ਵਿੱਚ ਮੌਕੇ ਤੇ ਪਹੁੰਚ ਗਏ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਾਲਾਂ ਮਾਮੂਲੀ ਅੱਗ ਦੀਆਂ ਘਟਨਾਵਾਂ ਨਾਲ ਸਬੰਧਤ ਸਨ ਅਤੇ ਟਰਾਂਸਫਾਰਮਰ ਨੂੰ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ।
ਸਟਾਰ ਸਿਟੀ ਕਾਲੋਨੀ ਵਿੱਚ ਇੱਕ ਰਹਿੰਦ ਖੂੰਹਦ ਦਾ ਗੋਦਾਮ ਪਟਾਕੇ ਦੀ ਚੰਗਿਆੜੀ ਕਾਰਨ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਇਹ ਰਿਪੋਰਟ ਕੀਤੀਆਂ ਗਈਆਂ ਵੱਡੀਆਂ ਅੱਗ ਦੀਆਂ ਘਟਨਾਵਾਂ ਵਿੱਚੋਂ ਇੱਕ ਸੀ। ਅੱਗ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੁਰੱਖਿਆ ਲਈ ਇਲਾਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ।
ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਨੇੜਲੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਬਿਜਲੀ ਦੀਆਂ ਤਾਰਾਂ ਦੇ ਸੜਨ ਕਾਰਨ ਪੂਰੀ ਕਲੋਨੀ ਵਿੱਚ ਹਨੇਰਾ ਛਾ ਗਿਆ।
ਏਡੀਐੱਫਓ ਸਿੰਘ ਨੇ ਅੱਗੇ ਕਿਹਾ, ਚਾਰ ਫਾਇਰ ਟੈਂਡਰਾਂ ਨੇ ਅੱਗ ਤੇ ਕਾਬੂ ਪਾਉਣ ਲਈ ਦੇਰ ਰਾਤ ਤੱਕ ਮੁਸ਼ੱਕਤ ਕੀਤੀ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ, ਗੋਦਾਮ ਮਾਲਕ ਖੁੱਲ੍ਹੇ ਪਲਾਟ ਵਿੱਚ ਊੰਨ ਦੀ ਰਹਿੰਦ ਖੂੰਹਦ ਦਾ ਭੰਡਾਰ ਕਰ ਰਿਹਾ ਸੀ।
ਇੱਕ ਹੋਰ ਵੱਡੀ ਘਟਨਾ ਵਿੱਚ ਕੱਪੜੇ ਦੀ ਫੈਕਟਰੀ ਵਿੱਚ ਅੱਗ ਲੱਗ ਗਈ। ਕਰਨ ਕੁਮਾਰ ਨੇ ਦੱਸਿਆ ਕਿ ਫੈਕਟਰੀ ਦੇ ਕੂੜੇ ਨੂੰ ਲੱਗਣ ਤੋਂ ਬਾਅਦ ਅੱਗ ਫੈਲ ਗਈ। ਫੈਕਟਰੀ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕੀਤੀ ਅਤੇ ਅੱਗ ਤੇ ਕਾਬੂ ਪਾ ਲਿਆ। ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਦੌਰਾਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।