ਲੁਧਿਆਣਾ ਡਰਾਈਵਰ ਅਗਵਾ ਮਾਮਲਾ: ਟੈਕਸੀ ਡਰਾਈਵਰ ਦੀ ਲਾਸ਼ ਦੀ ਭਾਲ ਜਾਰੀ
ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਜੂਨ
ਲੁਧਿਆਣਾ ਤੋਂ ਅਗਵਾ ਕਰ ਕੇ ਕਤਲ ਕਰ ਦਿੱਤੇ ਗਏ ਟੈਕਸੀ ਡਰਾਈਵਰ ਗੁਰਮੀਤ ਸਿੰਘ (56) ਵਾਸੀ ਬਾੜੇਵਾਲ ਦੀ ਲਾਸ਼ ਲਈ ਭਾਲ ਜਾਰੀ ਹੈ। ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੇ ਥਾਣਾ ਸੁਧਾਰ ਦੀ ਪੁਲੀਸ ਨੇ ਪਿੰਡ ਸੁਧਾਰ ਤੋਂ ਲੈ ਕੇ ਪਿੰਡ ਤੁਗਲ ਤੱਕ ਅਬੋਹਰ ਬਰਾਂਚ ਨਹਿਰ ਦਾ ਚੱਪਾ-ਚੱਪਾ ਛਾਣ ਮਾਰਿਆ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਖ਼ਾਲੀ ਹਨ।
ਮ੍ਰਿਤਕ ਗੁਰਮੀਤ ਸਿੰਘ ਪਿਛਲੇ ਸਮੇਂ ਤੋਂ ਲੁਧਿਆਣਾ ਦੇ ਅਗਰ ਨਗਰ ਵਿੱਚ ਰਹਿੰਦਾ ਸੀ। ਸੁਧਾਰ ਪੁਲੀਸ ਵੱਲੋਂ ਕੁਝ ਘੰਟਿਆਂ ਦੇ ਅੰਦਰ ਹੀ ਇਸ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ, ਗੁਰਤੇਜਪ੍ਰੀਤ ਸਿੰਘ ਉਰਫ਼ ਗੁਰੀ (ਦੋਵੇਂ ਵਾਸੀ ਮੋਹੀ) ਅਤੇ ਗੁਰਵੰਤ ਸਿੰਘ ਬੰਟੀ ਵਾਸੀ ਦਾਖਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ 'ਤੇ ਮੰਗਲਵਾਰ ਨੂੰ ਫਿਲੌਰ ਤੋਂ ਬੁਲਾਏ ਸਾਹਿਲ ਦੀ ਅਗਵਾਈ ਵਾਲੇ 7 ਗ਼ੋਤਾਖ਼ੋਰਾਂ ਦੀ ਟੀਮ ਨੇ ਸੁਧਾਰ ਪਿੰਡ ਤੋਂ ਤੁਗਲਕ ਤੱਕ ਕਰੀਬ ਦੋ ਕਿਲੋਮੀਟਰ ਤੱਕ ਭਾਲ ਕੀਤੀ ਪਰ ਇਸ ਦੇ ਬਾਵਜੂਦ ਲਾਸ਼ ਨਹੀਂ ਮਿਲ ਸਕੀ ਹੈ। ਉੱਧਰ ਸੁਧਾਰ ਪੁਲੀਸ ਨੇ ਮੁਲਜ਼ਮਾਂ ਨੂੰ ਜਗਰਾਉਂ ਦੀ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ।
ਲੁਧਿਆਣਾ (ਦਿਹਾਤੀ) ਪੁਲੀਸ ਤੇਜ਼ੀ ਨਾਲ ਲਾਸ਼ ਬਰਾਮਦ ਕਰਨ ਵਿੱਚ ਜੁਟੀ ਹੋਈ ਹੈ। ਸੋਮਵਾਰ ਦੀ ਰਾਤ ਨੂੰ ਰੂਪਨਗਰ ਦੇ ਨੂਰਪੁਰ ਬੇਦੀ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਸੁਧਾਰ ਪੁਲੀਸ ਉਨ੍ਹਾਂ ਨੂੰ ਸਿੱਧੇ ਨਹਿਰ ਕੰਢੇ ਲੈ ਕੇ ਗਈ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ।
ਮੌਕਾ ਵਾਰਦਾਤ ਉੱਪਰ ਪੱਥਰ ਅਤੇ ਘਾਹ ’ਤੇ ਖ਼ੂਨ ਦੇ ਨਿਸ਼ਾਨ ਮਿਲੇ ਸਨ, ਜਿਸ ਦੀ ਫੋਰੈਂਸਿਕ ਅਤੇ ਤਕਨੀਕੀ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉੱਧਰ ਗੁਰਮੀਤ ਸਿੰਘ ਦਾ ਪੁੱਤਰ ਸਾਹਿਲ ਵੀ ਦੁਬਈ ਤੋਂ ਵਾਪਸ ਆ ਗਿਆ ਹੈ।
ਮ੍ਰਿਤਕ ਗੁਰਮੀਤ ਸਿੰਘ ਦੀਆਂ 18 ਅਤੇ 20 ਸਾਲ ਦੀਆਂ ਦੋ ਧੀਆਂ ਹਨ। ਗੁਰਮੀਤ ਸਿੰਘ ਦੀ ਮਾਸੀ ਦੇ ਪੁੱਤਰ ਸਤਵਿੰਦਰ ਸਿੰਘ ਜੋਧਾਂ ਅਨੁਸਾਰ ਪਰਿਵਾਰ ਦਾ ਸਾਰਾ ਭਾਰ ਗੁਰਮੀਤ ਦੇ ਸਿਰ 'ਤੇ ਸੀ। ਮ੍ਰਿਤਕ ਦੀ ਪਤਨੀ ਨਰਿੰਦਰ ਕੌਰ ਦੇ ਬਿਆਨ 'ਤੇ ਮੁਲਜ਼ਮਾਂ ਵਿਰੁੱਧ ਲੁੱਟ ਦੇ ਇਰਾਦੇ ਨਾਲ ਅਗਵਾ ਅਤੇ ਕਤਲ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ।