ਝੋਨੇ ਦੀ ਲਿਫਟਿੰਗ ਵਿਚ ਪੰਜਾਬ ਵਿਚੋਂ ਲੁਧਿਆਣਾ ਜ਼ਿਲ੍ਹਾ ਮੋਹਰੀ
ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਵਿੱਚ ਲੁਧਿਆਣਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਰਿਹਾ ਹੈ। ਦੋਵੇਂ ਸਰਕਲ- ਲੁਧਿਆਣਾ ਪੂਰਬੀ ਅਤੇ ਲੁਧਿਆਣਾ ਪੱਛਮੀ- ਨੇ ਵੱਧ ਤੋਂ ਵੱਧ ਲਿਫਟਿੰਗ ਯਕੀਨੀ ਬਣਾਉਣ ਵਿੱਚ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਪਛਾੜ ਦਿੱਤਾ ਹੈ। ਇਸ ਨਾਲ ਖੇਤਰ ਦੇ ਕਿਸਾਨਾਂ ਨੂੰ ਬਹੁਤ ਰਾਹਤ ਮਿਲੀ ਹੈ।
ਲੁਧਿਆਣਾ ਪੂਰਬੀ ਵਿੱਚ 108.12 ਫੀਸਦ ਜਦੋਂ ਕਿ ਲੁਧਿਆਣਾ ਪੱਛਮੀ ’ਚ 105.67 ਫੀਸਦ ਲਿਫਟਿੰਗ ਦਰਜ ਕੀਤੀ ਗਈ ਹੈ ਜੋ ਕਿ ਪੰਜਾਬ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਅੰਕੜੇ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਅਨਾਜ ਦੀ ਸੁਚਾਰੂ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣਾ ਸਾਡੀ ਤਰਜੀਹ ਹੈ। ਮੈਂ ਨਿੱਜੀ ਤੌਰ ’ਤੇ ਰੋਜ਼ਾਨਾ ਆਮਦ ਅਤੇ ਲਿਫਟਿੰਗ ਦੀ ਨਿਗਰਾਨੀ ਕਰਦਾ ਹਾਂ।’’
ਡੀਐਫਐਸਸੀ (ਪੂਰਬੀ) ਸ਼ੈਫਾਲੀ ਚੋਪੜਾ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 10,06,652 ਮੀਟਰਿਕ ਟਨ ਝੋਨਾ ਆ ਚੁੱਕਾ ਹੈ, ਜਿਸ ਵਿੱਚੋਂ 9,83,432 ਮੀਟਰਿਕ ਟਨ ਵੱਖ-ਵੱਖ ਏਜੰਸੀਆਂ ਵੱਲੋਂ ਚੁੱਕਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਯਮਤ ਭੁਗਤਾਨ ਕੀਤੇ ਜਾ ਰਹੇ ਹਨ, ਖਰੀਦੇ ਗਏ ਝੋਨੇ ਲਈ 2,173 ਕਰੋੜ ਰੁਪਏ ਪਹਿਲਾਂ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਚੁੱਕੇ ਹਨ।
ਲੁਧਿਆਣਾ ਜ਼ਿਲ੍ਹੇ ਵਿੱਚ ਭਾਵੇਂ ਵਾਢੀ ਦੇਰ ਨਾਲ ਅਤੇ ਹੌਲੀ ਰਫ਼ਤਾਰ ਨਾਲ ਸ਼ੁਰੂ ਹੋਈ ਪਰ ਹੁਣ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਇਸ ਵਿੱਚ ਤੇਜ਼ੀ ਆਈ ਹੈ। ਡਿਪਟੀ ਕਮਿਸ਼ਨਰ ਨੇ ਪਹਿਲਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਆੜ੍ਹਤੀਆਂ ਜਾਂ ਸਰਕਾਰੀ ਏਜੰਸੀਆਂ ਤੋਂ ਕਿਸੇ ਵੀ ਤੰਗੀ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
