ਲੁਧਿਆਣਾ: ਹਥਿਆਰਬੰਦ ਵਿਅਕਤੀਆਂ ਵੱਲੋਂ ਅਪਰਾਧੀ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱਤਿਆ
ਇਥੇ ਸੁੰਦਰ ਨਗਰ ਚੌਕ ਨੇੜੇ ਸ਼ਨਿੱਚਰਵਾਰ ਰਾਤੀਂ ਹਥਿਆਰਬੰਦ ਵਿਅਕਤੀਆਂ ਨੇ ਨਾਮੀਂ ਅਪਰਾਧੀ ਕਾਰਤਿਕ ਬੱਗਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੱਗਣ ਖਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਿਕ ਕੇਸ ਦਰਜ ਸਨ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ।
ਡੀਐੱਸਪੀ (ਉੱਤਰੀ) ਦਵਿੰਦਰ ਚੌਧਰੀ ਨੇ ਕਿਹਾ ਕਿ ਘਾਟੀ ਮੁਹੱਲਾ ਦਾ ਰਹਿਣ ਵਾਲਾ ਬੱਗਣ, ਆਪਣੇ ਦੋਸਤ ਸਰਵਣ ਨਾਲ ਘਰ ਜਾ ਰਿਹਾ ਸੀ ਜਦੋਂ ਉਨ੍ਹਾਂ ਨੂੰ ਹਥਿਆਰਬੰਦ ਵਿਅਕਤੀਆਂ ਨੇ ਘੇਰ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਾਰਤਿਕ ਨੂੰ ਛਾਤੀ ਅਤੇ ਮੋਢੇ ਵਿੱਚ ਦੋ ਗੋਲੀਆਂ ਲੱਗੀਆਂ ਅਤੇ ਸਰਵਣ ਨੂੰ ਪਿੱਛੇ ਇੱਕ ਗੋਲੀ ਲੱਗੀ। ਉਨ੍ਹਾਂ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਾਰਤਿਕ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਸਰਵਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਡੀਐਸਪੀ ਚੌਧਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਦੋ ਧਿਰਾਂ ਦੀ ਆਪਸੀ ਰੰਜ਼ਿਸ਼ ਦਾ ਮਾਮਲਾ ਲੱਗਦਾ ਹੈ। ਪੁਲੀਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਕਾਰਤਿਕ ਨੂੰ ਉਸ ਦੇ ਵਿਰੋਧੀਆਂ ਨੇ ਜੂਨ 2023 ਵਿੱਚ ਵੀ ਬੈਂਜਾਮਿਨ ਰੋਡ ’ਤੇ ਗੋਲੀ ਮਾਰੀ ਸੀ ਤੇ ਉਦੋਂ ਵੀ ਉਸ ਨੂੰ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਪਰ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਹੀ ਉਹ ਪੁਲੀਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਭੱਜ ਗਿਆ ਸੀ। ਕਾਰਤਿਕ ਬਦਨਾਮ ਪੁਨੀਤ ਬੈਂਸ ਗਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ।