ਲੁਧਿਆਣਾ: 50 ਲੱਖ ਦੀ ਲੁੱਟ ਕਰਨ ਆਏ 2 ਹਥਿਆਰਬੰਦ ਖਾਲੀ ਹੱਥ ਪਰਤੇ
ਮੰਗਲਵਾਰ ਨੂੰ ਦਿਨ-ਦਿਹਾੜੇ ਦੋ ਹਥਿਆਰਬੰਦ ਲੁਟੇਰੇ ਸੁੰਦਰ ਨਗਰ ਦੀ ਇੱਕ ਹੌਜ਼ਰੀ ਯੂਨਿਟ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਮਾਲਕ 'ਤੇ ਬੰਦੂਕ ਤਾਣ ਕੇ 50 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ ’ਤੇ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਹਾਲਾਂਕਿ ਉਨ੍ਹਾਂ ਦੀ ਪੈਸੇ ਕਢਵਾਉਣ ਦੀ ਕੋਸ਼ਿਸ਼ ਅਸਫਲ ਰਹੀ ਅਤੇ ਖਾਲੀ ਹੱਥ ਵਾਪਸ ਜਾਣਾ ਪਿਆ।
ਸ਼ਿਮਲਾ ਗਾਰਮੈਂਟਸ ਦੇ ਮਾਲਕ ਅਤੇ ਹੌਜ਼ਰੀ ਫੈਡਰੇਸ਼ਨ ਐਸੋਸੀਏਸ਼ਨ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਉਸ ਦੀ ਫੈਕਟਰੀ ਵਿੱਚ ਆਏ ਅਤੇ ਇੱਕ ਨੇ ਉਸ ’ਤੇ ਬੰਦੂਕ ਤਾਣ ਦਿੱਤੀ। ਉਨ੍ਹਾਂ ਨੇ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ।
ਜਦੋਂ ਹਰਪ੍ਰੀਤ ਨੇ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਵਿੱਚ ਅਸਮਰੱਥਾ ਪ੍ਰਗਟਾਈ, ਤਾਂ ਲੁਟੇਰਿਆਂ ਨੇ ਲਾਕਰ ਦੀਆਂ ਚਾਬੀਆਂ ਮੰਗੀਆਂ। ਉਸਨੇ ਫਿਰ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਚਾਬੀਆਂ ਨਹੀਂ ਹਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਨਕਦੀ ਦੀ ਭਾਲ ਵਿੱਚ ਦਫ਼ਤਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
ਕੋਈ ਵੀ ਨਕਦੀ ਨਾ ਮਿਲਣ 'ਤੇ ਨਿਰਾਸ਼ ਲੁਟੇਰਿਆਂ ਨੂੰ ਫੈਕਟਰੀ ਛੱਡਣੀ ਪਈ। ਸੀਸੀਟੀਵੀ ਕੈਮਰਿਆਂ ਵਿੱਚ ਦੋਵਾਂ ਨੂੰ ਇੱਕ ਕਾਲੇ ਸਪਲੈਂਡਰ ਮੋਟਰਸਾਈਕਲ 'ਤੇ ਆਉਂਦੇ ਹੋਏ ਕੈਦ ਕੀਤਾ ਗਿਆ।
ਹਰਪ੍ਰੀਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਘਟਨਾ ਸਮੇਂ ਫੈਕਟਰੀ ਕਰਮਚਾਰੀ ਮੌਜੂਦ ਸਨ, ਪਰ ਕਿਸੇ ਨੇ ਵੀ ਦਖਲ ਨਹੀਂ ਦਿੱਤਾ ਜਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪੁਲੀਸ ਨੇ ਕਿਹਾ ਕਿ ਸ਼ੱਕੀਆਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।
