ਜਗਮਨ ਸਮਰਾ ਤੇ ਪੁੱਤਰ ਵਿਰੁੱਧ ਲੁੱਕਆਊਟ ਸਰਕੁਲਰ ਜਾਰੀ
ਇਥੋਂ ਦੀ ਪੁਲੀਸ ਨੇ ਐੱਨ ਆਰ ਆਈ ਜਗਮਨ ਸਮਰਾ ਅਤੇ ਉਸ ਦੇ ਪੁੱਤਰ ਹਰਕੀਰਤ ਸਿੰਘ ਵਿਰੁੱਧ ਲੁੱਕਆਊਟ ਸਰਕੁਲਰ ਜਾਰੀ ਕੀਤਾ ਹੈ। ਦੋਵਾਂ ਖ਼ਿਲਾਫ਼ ਸਾਈਬਰ ਸੈੱਲ ਥਾਣੇ ਵਿੱਚ ਕ੍ਰਿਪਟੋ ਕਰੰਸੀ ਰਾਹੀਂ ਨਿਵੇਸ਼ਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ’ਚ ਪਰਮੇਲ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਕਾਰਤਿਕ ਮਿੱਤਲ ਅਤੇ ਬਚਿੱਤਰ ਸਿੰਘ ਸ਼ਾਮਲ ਹਨ। ਇਹ ਕੇਸ ਲੰਘੀ 24 ਅਕਤੂਬਰ ਨੂੰ ਦਰਜ ਕੀਤਾ ਗਿਆ ਸੀ। ਸਮਰਾ ’ਤੇ ਦੋਸ਼ ਹੈ ਕਿ ਉਸ ਨੇ ਜਾਅਲੀ ਕ੍ਰਿਪਟੋ ਸਿੱਕਾ 5ਕੇ ਲਾਂਚ ਕਰ ਕੇ ਲੋਕਾਂ ਨੂੰ ਭਾਰੀ ਮੁਨਾਫ਼ੇ ਦਾ ਝਾਂਸਾ ਦਿੱਤਾ ਅਤੇ ਠੱਗੀ ਮਾਰ ਲਈ। ਫਿਰ ਉਸ ਨੇ ਹਵਾਲਾ ਰਾਹੀਂ ਪੈਸੇ ਕੈਨੇਡਾ ਟਰਾਂਸਫਰ ਕਰ ਲਏ।
ਜਾਣਕਾਰੀ ਅਨੁਸਾਰ ਮੁਲਜ਼ਮ ਐੱਨ ਆਰ ਆਈ ਪਿਓ-ਪੁੱਤਰ ਨੇ ਲੁਧਿਆਣਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਨਿਵੇਸ਼ ਕੇਂਦਰ ਬਣਾਏ ਸਨ। ਪੁਲੀਸ ਨੂੰ ਖ਼ਦਸ਼ਾ ਹੈ ਕਿ ਇਹ ਗਰੋਹ ਮਨੁੱਖੀ ਤਸਕਰੀ ਵਿੱਚ ਵੀ ਸ਼ਾਮਲ ਰਿਹਾ ਹੈ ਅਤੇ ਕੈਨੇਡੀਅਨ ਵੀਜ਼ੇ ਦੇ ਨਾਮ ’ਤੇ ਲੋਕਾਂ ਨਾਲ ਧੋਖਾਧੜੀ ਕਰਦਾ ਸੀ। ਪੁਲੀਸ ਹੁਣ ਪੜਤਾਲ ਕਰ ਰਹੀ ਹੈ ਕਿ ਪੀੜਤ ਕਿੰਨੇ ਹਨ ਅਤੇ ਉਨ੍ਹਾਂ ਕੋਲੋਂ ਕਿੰਨੇ ਪੈਸੇ ਠੱਗੇ ਗਏ। ਇਹ ਕੇਸ ਸਬ ਇੰਸਪੈਕਟਰ ਹਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਐੱਫ ਆਈ ਆਰ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲ ਦੇ ਰਹਿਣ ਵਾਲੇ ਅਤੇ ਇਸ ਸਮੇਂ ਕੈਨੇਡਾ ਰਹਿੰਦੇ ਜਗਮਨ ਸਮਰਾ ਨੇ ਜਾਅਲੀ ਕ੍ਰਿਪਟੋ ਕਰੰਸੀ ਲਾਂਚ ਕੀਤੀ ਸੀ। ਉਸ ਨੇ ਨਿਵੇਸ਼ਕਾਂ ਨੂੰ ਮੁਨਾਫ਼ੇ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਲਏ। ਉਪਰੰਤ ਇਹ ਪੈਸਾ ਹਵਾਲਾ ਨੈੱਟਵਰਕ ਰਾਹੀਂ ਕੈਨੇਡਾ ਟਰਾਂਸਫਰ ਕਰ ਲਿਆ। ਸਮਰਾ ਅਤੇ ਉਸ ਦੇ ਸਾਥੀਆਂ ਨੇ ਡੇਹਲੋਂ ਸਣੇ ਕਈ ਸ਼ਹਿਰਾਂ ਵਿੱਚ ਦਫ਼ਤਰ ਖੋਲ੍ਹੇ ਸਨ। ਏ ਡੀ ਸੀ ਪੀ ਵੈਭਵ ਸਹਿਗਲ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਗਮਨ ਸਮਰਾ ਅਤੇ ਉਸ ਦੇ ਪੁੱਤਰ ਹਰਕੀਰਤ ਸਿੰਘ ਵਿਰੁੱਧ ਲੁੱਕਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ। ਪਿਓ-ਪੁੱਤਰ ਇਸ ਸਮੇਂ ਕੈਨੇਡਾ ਵਿੱਚ ਹਨ।
ਮੁੱਖ ਮੰਤਰੀ ਦੀ ਫ਼ਰਜ਼ੀ ਵੀਡੀਓ ਦਾ ਦਰਜ ਹੈ ਕੇਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ਰਜ਼ੀ ਵੀਡੀਓ ਬਣਾਉਣ ਦੇ ਦੋਸ਼ ਹੇਠ ਜਗਮਨ ਸਮਰਾ ਵਿਰੁੱਧ ਮੁਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਸੀ। ਇਸ ਸਬੰਧੀ ਸਮਰਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਸਨ।
