ਗੋਲੀਬਾਰੀ ਮਾਮਲੇ ’ਚ ਚਾਰ ਖ਼ਿਲਾਫ਼ ਲੁੱਕਆਊਟ ਸਰਕੁਲਰ ਜਾਰੀ
ਗਗਨਦੀਪ ਅਰੋੜਾ
ਇਥੇ ਪੱਖੋਵਾਲ ਰੋਡ ਸਥਿਤ ਮੈਰਿਜ ਪੈਲੇਸ ਵਿੱਚ 30 ਨਵੰਬਰ ਨੂੰ ਠੇਕੇਦਾਰ ਵਰਿੰਦਰ ਕਪੂਰ ਦੇ ਵਿਆਹ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲੀਸ ਨੇ ਫ਼ਰਾਰ ਮੁਲਜ਼ਮ ਸ਼ੁਭਮ ਅਰੋੜਾ ਉਰਫ਼ ਸ਼ੁਭਮ ਮੋਟਾ, ਰਾਘਵ ਟੰਡਨ, ਯੁਵਰਾਜ ਅਤੇ ਅੰਕੁਰ ਪਾਪੜੀ ਖ਼ਿਲਾਫ਼ ਲੁੱਕਆਊਟ ਸਰਕੁਲਰ ਜਾਰੀ ਕੀਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮੁਲਜ਼ਮ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ ਅਤੇ ਵਿਦੇਸ਼ ਭੱਜਣ ਦੀ ਤਿਆਰੀ ’ਚ ਹਨ।
ਇਸ ਮਾਮਲੇ ਵਿੱਚ ਪੁਲੀਸ ਨੇ ਮੁੱਖ ਮੁਲਜ਼ਮ ਅੰਕੁਰ ਲੁਧਿਆਣਾ ਅਤੇ ਕਮਲ ਗੁੰਬਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਜੇ ਕੇ ਡਾਵਰ ਡੀ ਐੱਮ ਸੀ ਹਸਪਤਾਲ ਵਿੱਚ ਇਲਾਜ ਅਧੀਨ ਹੈ, ਜਿਸ ਨੂੰ ਛੁੱਟੀ ਮਿਲਦੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲੀਆਂ ਡਾਵਰ ਦੇ ਰਿਵਾਲਵਰ ਤੋਂ ਚੱਲੀਆਂ ਸਨ। ਡੀ ਸੀ ਪੀ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸ਼ੁਭਮ ਖ਼ਿਲਾਫ਼ ਪਹਿਲਾਂ ਵੀ 18 ਕੇਸ ਦਰਜ ਹਨ ਅਤੇ ਉਸ ਦੀ ਭਾਲ ਲਈ ਛਾਪੇ ਜਾਰੀ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਅਤੇ ਪੈਲੇਸ ਦੇ ਸੁਰੱਖਿਆ ਗਾਰਡ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਤਾਬਕ ਸੁਭਾਨੀ ਬਿਲਡਿੰਗ ਇਲਾਕੇ ਵਿੱਚ ਜੂਏ ਦੇ ਪੈਸਿਆਂ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਪੁਰਾਣੀ ਰੰਜਿਸ਼ ਸੀ। ਵਿਆਹ ਸਮਾਗਮ ਵਿੱਚ ਬਹਿਸ ਤੋਂ ਬਾਅਦ ਗੋਲੀਬਾਰੀ ਹੋਈ, ਜਿਸ ਵਿੱਚ ਲਾੜੇ ਦੇ ਦੋਸਤ ਵਾਸੂ ਚੋਪੜਾ ਅਤੇ ਮਾਸੀ ਨੀਰੂ ਛਾਬੜਾ ਦੀ ਮੌਤ ਹੋ ਗਈ ਸੀ। ਲਾੜੇ ਵਰਿੰਦਰ ਕਪੂਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁੱਛ-ਪੜਤਾਲ ਦੌਰਾਨ ਅੰਕੁਰ ਨੇ ਦਾਅਵਾ ਕੀਤਾ ਹੈ ਕਿ ਉਹ ਵਰਿੰਦਰ ਕਪੂਰ ਦੇ ਸੱਦੇ ’ਤੇ ਵਿਆਹ ਵਿੱਚ ਆਇਆ ਸੀ। ਦੂਜੇ ਪਾਸੇ ਵਰਿੰਦਰ ਕਪੂਰ ਨੇ ਕਿਹਾ ਕਿ ਉਸ ਨੇ ਉਨ੍ਹਾਂ ਨੂੰ ਨਹੀਂ ਸੱਦਿਆ।
