ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੌਂਗੋਵਾਲ ਲਾਠੀਚਾਰਜ: ਕਿਸਾਨਾਂ ਤੇ ਸਰਕਾਰ ਵਿਚਾਲੇ ਸਮਝੌਤਾ

ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਕਰਜ਼ਾ ਹੋਵੇਗਾ ਮੁਆਫ਼
ਸੰਗਰੂਰ ’ਚ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਸਵਿੰਦਰ ਲੌਂਗੋਵਾਲ, ਸੁਰਜੀਤ ਫੂਲ, ਭੁਪਿੰਦਰ ਲੌਂਗੋਵਾਲ ਆਦਿ ਮੰਗਾਂ ਮਨਜ਼ੂਰ ਹੋਣ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 23 ਅਗਸਤ

Advertisement

ਲੌਂਗੋਵਾਲ ’ਚ ਕਿਸਾਨਾਂ ਉਪਰ ਪੁਲੀਸ ਲਾਠੀਚਾਰਜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਹਿਮਤੀ ਬਣ ਗਈ ਹੈ। ਸੂਬਾ ਸਰਕਾਰ ਤਰਫ਼ੋਂ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੀ ਅਹਿਮ ਮੀਟਿੰਗ ਸਥਾਨਕ ਰੈਸਟ ਹਾਊਸ ਵਿਚ ਹੋਈ। ਕਰੀਬ ਸਾਢੇ ਤਿੰਨ ਘੰਟੇ ਚੱਲੀ ਮੀਟਿੰਗ ਮਗਰੋਂ ਕਿਸਾਨ ਪ੍ਰੀਤਮ ਸਿੰਘ ਦੇ ਪੋਸਟਮਾਰਟ ਲਈ ਰਾਜ਼ੀ ਹੋ ਗਏ ਪਰ ਅੰਤਿਮ ਸੰਸਕਾਰ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਮਗਰੋਂ ਹੋਵੇਗਾ ਅਤੇ ਧਰਨਾ ਬਾਕੀ ਮੰਗਾਂ ਮੰਨੇ ਜਾਣ ਮਗਰੋਂ ਚੁੱਕਿਆ ਜਾਵੇਗਾ। ਮੀਟਿੰਗ ’ਚ ਆਈਜੀ (ਇੰਟੈਲੀਜੈਂਸ) ਜਸਕਰਨ ਸਿੰਘ, ਆਈਜੀ (ਪਟਿਆਲਾ ਰੇਂਜ) ਮੁਖਵਿੰਦਰ ਸਿੰਘ ਛੀਨਾ, ਆਈਜੀ (ਬਾਰਡਰ ਰੇਂਜ ਅੰਮ੍ਰਿਤਸਰ) ਨਰਿੰਦਰ ਭਾਰਗਵ ਅਤੇ ਸੰਗਰੂਰ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਸ਼ਾਮਲ ਸਨ। ਮੀਟਿੰਗ ਮਗਰੋਂ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਸਹਿਮਤੀ ਬਣਨ ਸਬੰਧੀ ਪੁਸ਼ਟੀ ਕੀਤੀ ਹੈ। ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ-ਆਜ਼ਾਦ ਦੇ ਪ੍ਰਮੁੱਖ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਭਾਕਿਯੂ ਕ੍ਰਾਂਤੀਕਾਰੀ ਦੇ ਆਗੂ ਸੁਰਜੀਤ ਸਿੰਘ ਫੂਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਲੌਂਗੋਵਾਲ ਅਤੇ ਹਰਿਆਣਾ ਤੋਂ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਕਿਸਾਨ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਠੀਚਾਰਜ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਿਸਾਨਾਂ ਨੂੰ 2 ਲੱਖ ਅਤੇ ਘੱੱਟ ਜ਼ਖ਼ਮੀ ਹੋਏ ਕਿਸਾਨਾਂ ਨੂੰ 1 ਲੱਖ ਰੁਪਏ ਮੁਆਵਜ਼ਾ, ਲਾਠੀਚਾਰਜ ਦੌਰਾਨ ਕਿਸਾਨਾਂ ਦੇ ਟੁੱਟੇ ਵਾਹਨਾਂ ਦੀ ਸਰਕਾਰ ਆਪਣੇ ਖ਼ਰਚੇ ’ਤੇ ਮੁਰੰਮਤ ਕਰਵਾਏਗੀ, ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਦਰਜ ਕੀਤੇ ਵਾਪਸ ਲਏ ਜਾਣਗੇ ਅਤੇ ਗ੍ਰਿਫ਼ਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇਗਾ। ਪੰਜਾਬ ਭਰ ਵਿਚ ਗ੍ਰਿਫ਼ਤਾਰ ਕੀਤੇ ਗਏ ਕਰੀਬ 150-200 ਕਿਸਾਨ ਵੀ ਰਿਹਾਅ ਕੀਤੇ ਜਾਣਗੇ, ਸੰਘਰਸ਼ ਦੌਰਾਨ ਮੁਹਾਲੀ ਦੇ ਇੱਕ ਨੌਜਵਾਨ ਕਿਸਾਨ ਦੀ ਲੱਤ ਕੱਟਣ ਦੇ ਮਾਮਲੇ ’ਚ ਉਸ ਦਾ ਅੰਗਹੀਣ ਸਰਟੀਫਿਕੇਟ ਬਣਾ ਕੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਨਾਲ ਮੀਟਿੰਗ ਨਿਸ਼ਚਿਤ ਕਰਾਉਣ ਲਈ ਪੰਜਾਬ ਦੇ ਰਾਜਪਾਲ ਤੋਂ ਲਿਖਤੀ ਪੱਤਰ ਪੰਜਾਬ ਸਰਕਾਰ ਲੈ ਕੇ ਦੇਵੇਗੀ। ਕਿਸਾਨ ਸੰਗਠਨਾਂ ਤੇ ਮੀਡੀਆ ਦੇ ਸੋਸ਼ਲ ਮੀਡੀਆ ’ਤੇ ਬੈਨ ਕੀਤੇ ਪੇਜ ਚਾਲੂ ਹੋਣਗੇ। ਮੀਟਿੰਗ ’ਚ ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਜਰਨੈਲ ਸਿੰਘ ਕਾਲੇਕੇ ਅਤੇ ਹਰਿਆਣਾ ਤੋਂ ਸੁਰੇਸ਼ ਕੌਥ ਵੀ ਸ਼ਾਮਲ ਸਨ।

ਕਿਸਾਨ ਆਗੂ ਪ੍ਰੀਤਮ ਿਸੰਘ ਦਾ ਹੋਇਆ ਪੋਸਟਮਾਰਟਮ; ਸਸਕਾਰ ਅੱਜ

ਪਟਿਆਲਾ (ਖੇਤਰੀ ਪ੍ਰਤੀਨਿਧ): ਤਿੰਨ ਦਿਨਾਂ ਤੋਂ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਪਈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਪ੍ਰੀਤਮ ਸਿੰਘ ਮੰਡੇਰ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਦੇਰ ਰਾਤ ਡਾਕਟਰਾਂ ਦੇ ਗਠਿਤ ਬੋਰਡ ਵੱਲੋਂ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਰਾਤ ਹੋ ਜਾਣ ਕਰਕੇ ਲਾਸ਼ ਅੱਜ ਵੀ ਇਥੇ ਹੀ ਰੱਖੀ ਗਈ ਹੈ ਜੋ ਭਲਕੇ ਵੀਰਵਾਰ ਨੂੰ ਹੀ ਵਾਰਸਾਂ ਨੂੰ ਸੌਂਪੀ ਜਾਵੇਗੀ ਅਤੇ ਸਸਕਾਰ 24 ਅਗਸਤ ਨੂੰ ਹੋਵੇਗਾ। ਪੋਸਟਮਾਰਟਮ ਦੀ ਕਾਰਵਾਈ ਮ੍ਰਿਤਕ ਦੇ ਬੇਟੇ ਹਰਵਿੰਦਰ ਸਿੰਘ ਵੱਲੋਂ ਦਸਤਖ਼ਤ ਕਰ ਕੇ ਦਿੱਤੀ ਗਈ ਸਹਿਮਤੀ ਮਗਰੋਂ ਹੀ ਅਮਲ ਵਿੱਚ ਲਿਆਂਦੀ ਗਈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਲਾਸ਼ ਲੈਣ ਲਈ ਵੱਡੀ ਗਿਣਤੀ ’ਚ ਕਿਸਾਨ ਹਸਪਤਾਲ ਪਹੁੰਚ ਗਏ ਸਨ ਪਰ ਐੱਸਐੱਸਪੀ ਵਰੁਣ ਸ਼ਰਮਾ ਦੀ ਲਿਆਕਤ ਦੇ ਚੱਲਦਿਆਂ ਮਾਮਲੇ ਨੂੰ ਬਹੁਤ ਸੁਹਿਰਦਤਾ ਨਾਲ ਨਜਿੱਠ ਲਿਆ ਗਿਆ ਸੀ। ਅੱਜ ਭਾਵੇਂ ਡੀਐੱਸਪੀ ਸੰਜੀਵ ਸਿੰਗਲਾ, ਜਸਵਿੰਦਰ ਟਿਵਾਣਾ ਤੇ ਹੋਰਾਂ ਦੀ ਅਗਵਾਈ ਹੇਠ ਹਸਪਤਾਲ ’ਚ ਪੁਲੀਸ ਫੋਰਸ ਤਾਇਨਾਤ ਰਹੀ ਪਰ ਅੱਜ ਪਰਿਵਾਰਕ ਮੈਂਬਰਾਂ ਸਮੇਤ ਕੁਝ ਕੁ ਕਿਸਾਨ ਹੀ ਇੱਥੇ ਪੁੱਜੇ ਤੇ ਸ਼ਾਂਤਮਈ ਮਾਹੌਲ ਦੌਰਾਨ ਪੋਸਟਮਾਰਟਮ ਦੀ ਕਾਰਵਾਈ ਪੂਰੀ ਕੀਤੀ ਗਈ। ਯੂਨੀਅਨ ਦੇ ਆਗੂ ਮਨਜੀਤ ਸਿੰਘ ਨਿਆਲ ਦਾ ਕਹਿਣਾ ਸੀ ਕਿ ਸਸਕਾਰ 24 ਅਗਸਤ ਨੂੰ ਕੀਤਾ ਜਾਵੇਗਾ।

 

Advertisement