ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕ ਸਭਾ ਮੈਂਬਰ ਕੰਗ ਨੇ ਪੋਸਟ ਹਟਾਈ

ਵਿਰੋਧੀ ਧਿਰਾਂ ਵੱਲੋਂ ਕੰਗ ਦੀ ਆਲੋਚਨਾ /ਕੰਗ ਦੇ ਯੂ-ਟਰਨ ਦੇ ਸਿਆਸੀ ਹਲਕਿਆਂ ਵਿੱਚ ਕੱਢੇ ਜਾ ਰਹੇ ਨੇ ਕਈ ਤਰ੍ਹਾਂ ਦੇ ਅਰਥ
Advertisement

ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਬਾਰੇ ਆਪਣੇ ਇਤਰਾਜ਼ ਪ੍ਰਗਟ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ। ਇਸ ਮਗਰੋਂ ਸਿਆਸੀ ਘੁਸਰ ਮੁਸਰ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੰਗ ਨੇ ਲੰਘੇ ਕੱਲ੍ਹ ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਖ਼ਾਤਬ ਹੋ ਕੇ ਕਿਹਾ ਸੀ ਕਿ ਲੈਂਡ ਪੂਲਿੰਗ ਨੀਤੀ ਉੱਤੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈ ਕੇ ਹੀ ਅੱਗੇ ਵਧਿਆ ਜਾਵੇ। ਉਨ੍ਹਾਂ ਨੇ ਅਸਿੱਧੇ ਤਰੀਕੇ ਨਾਲ ਲੈਂਡ ਪੂਲਿੰਗ ਨੀਤੀ ’ਤੇ ਉਂਗਲ ਚੁੱਕੀ ਸੀ। ਹੁਣ ਜਦੋਂ ਕੰਗ ਨੇ ਪੋਸਟ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਮਿਟਾ ਦਿੱਤਾ ਹੈ, ਤਾਂ ਇਸ ਦੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ਰਮਨਾਕ ਹੈ ਕਿ ਕੰਗ ਨੇ ਆਪਣੇ ਦਿੱਲੀ ਦੇ ਆਕਾਵਾਂ ਕੇਜਰੀਵਾਲ ਆਦਿ ਦੇ ਦਬਾਅ ਹੇਠ ਟਵੀਟ ਡਿਲੀਟ ਕਰ ਦਿੱਤਾ। ਇਸੇ ਲਈ ਉਹ ‘ਆਪ’ ਦੇ ਆਗੂਆਂ ਨੂੰ ਨਕਲੀ ਇਨਕਲਾਬੀ ਅਤੇ ਬੰਧੂਆ ਮਜ਼ਦੂਰ ਕਹਿੰਦਾ ਹੈ। ਇਸ ਦੌਰਾਨ ਭਾਜਪਾ ਆਗੂ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਹ ਤਾਂ ਸੋਚ ਰਿਹਾ ਸੀ ਕਿ ਕੰਗ ਦੀ ਤਾਰੀਫ਼ ਕਰੇ, ਪਰ ਉਹ ਤਾਂ ਪਹਿਲਾਂ ਹੀ ਭੱਜ ਗਏ। ਰਾਤ ਲੋਕ ਕਹਿ ਰਹੇ ਸੀ ਕੀ ਕੰਗ ਮਰਦ ਬੰਦਾ, ਜੱਟ ਜਾਗ ਪਿਆ ਪਰ ਸਵੇਰੇ ...! ਕੰਗ ਜੀ ਬਸ ਇਹ ਦੱਸ ਦੇਣਾ ਇਹ ਪੋਸਟ ਡਿਲੀਟ ਕਰਨ ਦਾ ਫ਼ੋਨ ਦਿੱਲੀ ਤੋਂ ਆਇਆ ਕਿ ਚੰਡੀਗੜ੍ਹ ਤੋਂ!

‘ਆਪ’ ਦੇ ਬਲਾਕ ਪ੍ਰਧਾਨ ਨੇ ਅਸਤੀਫ਼ਾ ਦਿੱਤਾ

Advertisement

ਲੁਧਿਆਣਾ ਜ਼ਿਲ੍ਹੇ ਵਿਚਲੇ ‘ਆਪ’ ਦੇ ਬਲਾਕ ਪ੍ਰਧਾਨ ਤਪਿੰਦਰ ਸਿੰਘ ਜੋਧਾਂ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਕਿਹਾ ਹੈ ਕਿ ਉਹ ਆਪਣਾ ਕਿਸਾਨੀ ਧਰਮ ਨਿਭਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਲਿਆਂਦੀ ਨੀਤੀ ਦਾ ਵਿਰੋਧ ਕਰਦਾ ਹੈ ਅਤੇ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਤੋਂ ਅਸਤੀਫ਼ਾ ਦਿੰਦਾ ਹੈ। ਉਸ ਨੇ ਇਹ ਵੀ ਲਿਖਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦਾ ਹੈ।

ਕੰਗ ਦੇ ਫੇਸਬੁੱਕ ਖਾਤੇ ’ਤੇ ਪੋਸਟ ਜਿਉਂ ਦੀ ਤਿਉਂ

ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੇ ਫੇਸਬੁੱਕ ਖਾਤੇ ’ਤੇ ਲੈਂਡ ਪੁੂਲਿੰਗ ਪਾਲਿਸੀ ਬਾਰੇ ਪੋਸਟ ਜਿਉਂ ਦਾ ਤਿਉਂ ਪਈ ਹੈ ਪਰ ਉਨ੍ਹਾਂ ਦੇ ਐਕਸ ਖਾਤੇ ’ਚੋਂ ਪੋਸਟ ਡਿਲੀਟ ਹੋ ਚੁੱਕੀ ਹੈ। ਸਿਆਸੀ ਮਾਹਿਰ ਆਖਦੇ ਨੇ ਕਿ ਜੇ ਕੰਗ ਖ਼ੁਦ ਸੋਸ਼ਲ ਮੀਡੀਆ ਤੋਂ ਕੋਈ ਪੋਸਟ ਡਿਲੀਟ ਕਰਦੇ ਤਾਂ ਉਨ੍ਹਾਂ ਨੇ ਫੇਸਬੁੱਕ ਤੋਂ ਵੀ ਪੋਸਟ ਡਿਲੀਟ ਕਰ ਦੇਣੀ ਸੀ ਜੋ ਕਿ ਹਾਲੇ ਤੱਕ ਮੌਜੂਦ ਹੈ। ਸੁਆਲ ਉੱਠ ਰਹੇ ਨੇ ਕਿ ਫਿਰ ਐਕਸ ਤੋਂ ਪੋਸਟ ਕਿਸ ਨੇ ਡਿਲੀਟ ਕੀਤੀ ਹੈ।

Advertisement