ਪਠਾਣਮਾਜਰਾ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਐੱਲ ਓ ਸੀ ਜਾਰੀ
ਆਪਣੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਸਰਕਾਰ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਬਰ ਜਨਾਹ ਦੇ ਦੋਸ਼ਾਂ ਤਹਿਤ ਦਰਜ ਹੋਏ ਕੇਸ ’ਚ ਅਦਾਲਤ ਤੋਂ ਵੀ ਉਸ ਨੂੰ ਅਗਾਊਂ ਜ਼ਮਾਨਤ ਦੀ ਰਾਹਤ ਨਾ ਮਿਲੀ। ਵਿਧਾਇਕ ਦੇ ਵਿਦੇਸ਼ ਨਿਕਲਣ ਦੇ ਮਨਸੂਬਿਆਂ ’ਤੇ ਪਾਣੀ ਫੇਰਨ ਲਈ ਪੰਜਾਬ ਪੁਲੀਸ ਵੱਲੋਂ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਐੱਲ ਓ ਸੀ (ਲੁੱਕ ਆਊਟ ਸਰਕੁਲਰ) ਜਾਰੀ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪਠਾਣਮਾਜਰਾ ਨੂੰ ਅਦਾਲਤੀ ਭਗੌੜਾ ਕਰਾਰ ਦਿਵਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਵਿਧਾਇਕ ਨੇ ਹੜ੍ਹਾਂ ’ਚ ਘੇਰੀ ਸੀ ਸਰਕਾਰ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਆਪਣੀ ਸਰਕਾਰ ’ਤੇ ਹੜ੍ਹਾਂ ਦੀ ਰੋਕਥਾਮ ’ਚ ਅਸਫ਼ਲ ਰਹਿਣ ਵਰਗੇ ਦੋਸ਼ ਲਗਾਏ ਸਨ ਤੇ ‘ਆਪ’ ਦੀ ਦਿੱਲੀ ਟੀਮ ’ਤੇ ਪੰਜਾਬ ਸਰਕਾਰ ’ਚ ਬੇਲੋੜੀ ਦਖਲਅੰਦਾਜ਼ੀ ਕਰਨ ਦੀ ਗੱਲ ਵੀ ਆਖੀ, ਜਿਸ ਤੋਂ ਤੁਰੰਤ ਬਾਅਦ ਉਸ ਦੇ ਗੰਨਮੈਨ ਵਾਪਸ ਲੈਣ ਸਮੇਤ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਵੀ ਨਿਯੁਕਤ ਕਰ ਦਿੱਤਾ। ਇੱਕ ਸਤੰਬਰ 2025 ਨੂੰ ਦਰਜ ਕੀਤੇ ਜਬਰ-ਜਨਾਹ ਦੇ ਕੇਸ ’ਚ ਗ੍ਰਿਫ਼ਤਾਰੀ ਲਈ ਪੁਲੀਸ ਨੇ ਪਠਾਣਮਾਜਰਾ ਨੂੰ ਪੁਲੀਸ ਨੇ ਹਰਿਆਣਾ ’ਚ ਉਸ ਦੇ ਰਿਸ਼ਤੇਦਾਰ ਦੇ ਘਰ ਜਾ ਘੇਰਾ ਪਾਇਆ ਪਰ ਪੁਲੀਸ ਦੇ ਦੋਸ਼ ਹਨ ਕਿ ਉਹ ਫਾਈਰਿੰਗ ਕਰਕੇ ਭੱਜ ਗਿਆ ਪਰ ਅੱਜ ਸਵਾ ਮਹੀਨੇ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ।
