ਹੜ੍ਹ ਪੀੜਤ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ: ਚੀਮਾ
ਸ਼ੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਤੇ ‘ਆਪ’ ਸਰਕਾਰ ਨੂੰ ਕੁਦਰਤੀ ਆਫ਼ਤ ਫ਼ੰਡ ਦੇ ਨਾਂ ’ਤੇ ਰਾਜਨੀਤੀ ਨਾ ਕਰਨ ਲਈ ਕਿਹਾ ਅਤੇ ਪਾਰਟੀ ਨੇ ਖੇਤ ਮਜ਼ਦੂਰਾਂ ਤੇ ਦੁਕਾਨਦਾਰਾਂ ਸਮੇਤ ਹੜ੍ਹ ਪ੍ਰਭਾਵਿਤ ਨੂੰ ਛੇਤੀ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਪਾਰਟੀ ਆਗੂਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਵਾਸਤੇ ਕਰਜ਼ਾ ਮੁਆਫ਼ੀ ਦੀ ਵੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਕਰਜ਼ਿਆਂ ਦੀ ਅਦਾਇਗੀ ’ਤੇ ਛੇ ਮਹੀਨੇ ਦੀ ਰੋਕ ਕਿਸਾਨਾਂ ਵਾਸਤੇ ਲਾਭਦਾਇਕ ਨਹੀਂ।
ਸ਼੍ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਪੰਜਾਬੀ ਔਕੜਾਂ ਝੱਲ ਰਹੇ ਹਨ ਅਤੇ ਕੁਦਰਤੀ ਆਫ਼ਤ ਫ਼ੰਡ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰ ਦੋਵੇਂ ਹੀ ਰਾਜ ਸਰਕਾਰ ਕੋਲ ਪਈ ਰਾਸ਼ੀ ਨੂੰ ਲੈ ਕੇ ਵੱਖੋ-ਵੱਖਰੇ ਸੁਰ ਅਲਾਪ ਰਹੇ ਹਨ। ਸੂਬੇ ਦੇ ਮੰਤਰੀ ਵੱਖਰੇ ਅੰਕੜੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕਰਨ ਵਾਸਤੇ ਚੰਗਾ ਹੋਵੇਗਾ ਕਿ ਜੇਕਰ ਕੁਦਰਤੀ ਆਫ਼ਤ ਫ਼ੰਡ ਦੇ ਮਾਮਲੇ ’ਤੇ ਅਪ੍ਰੈਲ 2025 ਵਿਚ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਖਾਤੇ ਦੀ ਸਟੇਟਮੈਂਟ ਹੀ ਜਨਤਕ ਕਰ ਦਿੱਤੀ ਜਾਵੇ। ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕੀਤੀ ਕਿ ਪ੍ਰੈੱਸ ਕਾਨਫ਼ਰੰਸਾਂ ਕਰ ਕੇ ਵਾਰ-ਵਾਰ ਐਲਾਨ ਕਰਨ ਨਾਲੋਂ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਅਸਰ ਦੋ ਤਿੰਨ ਸਾਲਾਂ ਤੱਕ ਰਹੇਗਾ ਇਸ ਕਰ ਕੇ ਕਰਜ਼ਾ ਮੁਆਫ਼ੀ ਹੀ ਉਨ੍ਹਾਂ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਵਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜ ਸਰਕਾਰ ਪਾੜ ਪੂਰਨ ਅਤੇ ਬੰਨ ਮਜ਼ਬੂਤ ਕਰਨ ਵਾਸਤੇ ਵੀ ਫ਼ੰਡ ਜਾਰੀ ਕਰੇ।