ਸਾਹਿਤ ਜ਼ਿੰਦਗੀ ਨੂੰ ਸਿਰਜਣਾਤਮਕ ਬਣਾਉਂਦੈ: ਘੁੱਗੀ
ਕੁਲਦੀਪ ਸਿੰਘ
ਪੰਜਾਬੀ ਲੇਖਕ ਸਭਾ ਵੱਲੋਂ ਇਥੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਸਾਹਿਤਕ ਮੇਲਾ’ ਕਰਵਾਇਆ ਗਿਆ। ਇਸ ਵਿੱਚ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਅਤੇ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ਮੁੱਖ ਮਹਿਮਾਨ ਪ੍ਰਸਿੱਧ ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਾਹਿਤ ਦੀ ਹੋਂਦ ਹੋਰ ਸਿਰਜਣਾਤਮਕ ਬਣਾਉਂਦੀ ਹੈ, ਜਿਸ ਘਰ ਵਿੱਚ ਕਿਤਾਬਾਂ ਹੋਣ, ਉਸ ਘਰ ਦਾ ਮਾਹੌਲ ਆਪੇ ਹੀ ਸੁਖਾਵਾਂ ਬਣਿਆ ਰਹਿੰਦਾ ਹੈ।
ਸਮਾਗਮ ਵਿੱਚ ਮੁੱਖ ਬੁਲਾਰੇ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਚੰਨ’ ਦੇ ਸਾਹਿਤਕ ਯੋਗਦਾਨ ਨੂੰ ਵਿਲੱਖਣ ਦੱਸਿਆ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਬਾਕਮਾਲ ਸੀ। ਵਿਸ਼ੇਸ਼ ਮਹਿਮਾਨ ਸੁਰਜੀਤ ਸਿੰਘ ਧੀਰ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਵੀ ਚੰਨ ਦੇ ਯੋਗਦਾਨ ਦੀ ਗੱਲ ਕੀਤੀ।
ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸਭਾ ਆਪਣੇ ਰਾਹ ਦਸੇਰਿਆਂ ਤੋਂ ਸੇਧ ਲੈ ਕੇ ਚੰਗੇ ਸਮਾਗਮ ਕਰਵਾਉਣ ਲਈ ਦ੍ਰਿੜ੍ਹ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਭਾ ਆਪਣਾ ਕੰਮ ਕਰ ਰਹੀ ਹੈ। ਇਸ ਦੌਰਾਨ ਲੋਕ ਕਲਾਕਾਰ ਬਲਕਾਰ ਸਿੱਧੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਤੇਰਾ ਸਿੰਘ ਚੰਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਸਨਮਾਨ ਪੱਤਰ ਗੁਰਨਾਮ ਕੰਵਰ ਨੇ ਪੜ੍ਹਿਆ। ਸਮਾਗਮ ਵਿੱਚ ਚੰਨ ਪਰਿਵਾਰ ਵੱਲੋਂ ਉਨ੍ਹਾਂ ਦੇ ਪੁੱਤਰ ਮਨਦੀਪ ਸਿੰਘ ਅਤੇ ਦਿਲਦਾਰ ਸਿੰਘ, ਧੀ ਨਿਤਾਸ਼ਾ ਅਤੇ ਨੂੰਹ ਡਾ. ਅਮੀਰ ਸੁਲਤਾਨਾ ਨੇ ਸ਼ਮੂਲੀਅਤ ਕੀਤੀ। ਦੋ ਸਰੋਤਿਆਂ ਨੂੰ ਬਲਵਿੰਦਰ ਸਿੰਘ ਉੱਤਮ ਵੱਲੋਂ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਧੰਨਵਾਦੀ ਸ਼ਬਦ ਪਾਲ ਅਜਨਬੀ ਨੇ ਕਹੇ। ਮੇਲੇ ਵਿੱਚ ਸੱਭਿਆਚਾਰਕ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ, ਚਿੱਤਰਕਲਾ ਅਤੇ ਕੈਲੀਗ੍ਰਾਫ਼ੀ ਖਿੱਚ ਦਾ ਕੇਂਦਰ ਰਹੀਆਂ। ਸਭਾ ਦੀਆਂ ਸਰਗਰਮੀਆਂ ਬਾਰੇ ਕਿਤਾਬਚਾ ਵੀ ਜਾਰੀ ਕੀਤਾ ਗਿਆ।
