ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੰਡ ਇਲਾਕੇ ’ਚ ਮੁੜ ਲੀਹ ’ਤੇ ਆਉਣ ਲੱਗੀ ਜ਼ਿੰਦਗੀ

ਕਿਸ਼ਤੀਆਂ ਦੀ ਥਾਂ ਟਰੈਕਟਰਾਂ ’ਤੇ ਪਹੁੰਚਣ ਲੱਗੀ ਰਾਹਤ ਸਮੱਗਰੀ /ਲੋਕਾਂ ਦੇ ਘਰਾਂ ’ਚ ਮੁਡ਼ ਤਪਣ ਲੱਗੇ ਚੁੱਲ੍ਹੇ
Advertisement

ਹਤਿੰਦਰ ਮਹਿਤਾ

ਹੜ੍ਹ ਦੇ ਝੰਬੇ ਲੋਕਾਂ ਦੀ ਜ਼ਿੰਦਗੀ ਲੀਂਹ ’ਤੇ ਆਉਣ ਲੱਗ ਪਈ ਹੈ। ਬਿਆਸ ਦਰਿਆ ਵਿੱਚ ਘਟੇ ਪਾਣੀ ਦੇ ਪੱਧਰ ਮਗਰੋਂ ਮੰਡ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਿਛਲੇ ਇੱਕ ਮਹੀਨੇ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਮੰਡ ਬਾਊਪੁਰ ਇਲਾਕੇ ਦੇ ਲੋਕਾਂ ਨੇ ਪਾਣੀ ਦਾ ਪੱਧਰ ਘਟਣ ’ਤੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦੇ ਘਰਾਂ ਵਿੱਚ ਮੁੜ ਚੁੱਲ੍ਹੇ ਤਪਣ ਲੱਗੇ ਹਨ। ਇਲਾਕੇ ’ਚ ਪਾਣੀ ਘਟਣ ਮਗਰੋਂ ਜਿੱਥੇ ਪਹਿਲਾਂ ਕਿਸ਼ਤੀਆਂ ਚੱਲਦੀਆਂ ਸਨ, ਉੱਥੇ ਹੁਣ ਟਰੈਕਟਰ-ਟਰਾਲੀਆਂ ’ਤੇ ਪਿੰਡਾਂ ਲਈ ਆ ਰਹੀ ਰਾਹਤ ਸਮੱਗਰੀ ਲੋਕਾਂ ਦੇ ਘਰਾਂ ਨੇੜੇ ਪਹੁੰਚਣ ਲੱਗੀ ਹੈ। ਅੱਜ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਬਾਊਪੁਰ ਟਰੈਕਟਰ ’ਤੇ ਲੰਗਰ ਪਹੁੰਚਾਇਆ। ਬਹੁਤ ਸਾਰੇ ਲੋਕ ਆਪਣੇ ਪਸ਼ੂ ਲੈ ਕੇ ਘਰਾਂ ਨੂੰ ਪਰਤ ਆਏ ਹਨ। ਇਸੇ ਦੌਰਾਨ ਇਹ ਲੋਕ ਹੜ੍ਹ ਦੇ ਪਾਣੀ ਕਾਰਨ ਤਬਾਹ ਹੋਈਆਂ ਆਪਣੀਆਂ ਫ਼ਸਲ ਦੇਖ ਕੇ ਦੁਖੀ ਵੀ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਹੜ੍ਹ ਪੀੜਤ ਲੋਕਾਂ ਨੇ ਕਿਹਾ ਕਿ ਇਸ ਵਾਰ ਆਏ ਹੜ੍ਹ ਦੇ ਪਾਣੀ ਨੂੰ ਦੇਖ ਕੇ ਲੱਗਦਾ ਸੀ ਕਿ ਉਨ੍ਹਾਂ ਦਾ ਪਰਿਵਾਰ, ਪਸ਼ੂ ਅਤੇ ਘਰ ਕਿਧਰੇ ਹੜ੍ਹ ਵਿੱਚ ਹੀ ਨਾ ਰੁੜ੍ਹ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਔਖੀ ਘੜੀ ਵਿੱਚ ਰਾਹਤ ਕਾਰਜਾਂ ’ਚ ਲੱਗੇ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ, ਉਸ ਤੋਂ ਉਨ੍ਹਾਂ ਨੂੰ ਆਪਣੇ ਬਚਾਅ ਦੀ ਆਸ ਮੁੜ ਬੱਝ ਗਈ ਸੀ। ਲੋਕਾਂ ਨੇ ਹੜ੍ਹ ਪੀੜਤਾਂ ਤੱਕ ਜਿੰਨੀ ਤੇਜ਼ੀ ਨਾਲ ਪਹੁੰਚ ਕੀਤੀ ਉਹ ਆਪਣੇ ਆਪ ਵਿੱਚ ਮਿਸਾਲ ਹੈ।

Advertisement

ਮੀਂਹ ਤੋਂ ਬਾਅਦ ਹੁਣ ਤਿੱਖੀ ਧੁੱਪ ਕਾਰਨ ਢਹਿਣ ਲੱਗੇ ਘਰ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ’ਚ ਕਈ ਦਿਨ ਲਗਾਤਾਰ ਪਏ ਮੀਂਹ ਤੋਂ ਬਾਅਦ ਹੁਣ ਨਿਕਲ ਰਹੀ ਧੁੱਪ ਕਾਰਨ ਖਸਤਾ ਹਾਲ ਮਕਾਨਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ। ਮੀਂਹ ਕਾਰਨ ਚੋਣ ਵਾਲੀਆਂ ਛੱਤਾਂ ਪੋਲੀਆਂ ਹੋ ਗਈਆਂ ਹਨ। ਮੀਂਹ ਕਾਰਨ ਇਲਾਕੇ ਦੇ ਕਈ ਮਜ਼ਦੂਰਾਂ ਦੇ ਘਰ ਢਹਿ ਗਏ ਹਨ ਤੇ ਕਈਆਂ ਦੀਆਂ ਛੱਤਾਂ ਡਿੱਗ ਪਈਆਂ ਹਨ। ਹੁਣ ਨਿਕਲਣ ਰਹੀ ਧੁੱਪ ਕਾਰਨ ਤਰੇੜਾਂ ਆਉਣ ਕਾਰਨ ਪਿੰਡ ਕੋਟਲੀ ਗਾਜਰਾਂ ਦੇ ਮਜ਼ਦੂਰ ਹਰੀ ਸਿੰਘ ਪੁੱਤਰ ਤਾਰਾ ਸਿੰਘ ਅਤੇ ਬਖਸ਼ੋ ਦੇ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਮੀਂਹ ਅਤੇ ਹੜ੍ਹਾਂ ਨੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਐਲਾਨ ’ਚ ਬੇਜ਼ਮੀਨੇ ਤੇ ਦਲਿਤਾਂ ਪਰਿਵਾਰਾਂ ਲਈ ਕੋਈ ਸਹਾਇਤਾ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਸਰਕਾਰੀ ਸਰਵੇਖਣਾਂ ਨੂੰ ਧੋਖਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਾਨ ਗੁਆਉਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ 25 ਲੱਖ, ਜਿਨ੍ਹਾਂ ਦੇ ਮਕਾਨ ਢਹਿ ਗਏ ਹਨ ਉਨ੍ਹਾਂ ਨੂੰ ਮਕਾਨਾਂ ਦੀ ਮੁੜ ਉਸਾਰੀ ਲਈ 15 ਲੱਖ, ਗਾਰਡਰ ਅਤੇ ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ ਪੰਜ ਲੱਖ ਰੁਪਏ ਸਹਾਇਤਾ ਰਕਮ ਦਿੱਤੀ ਜਾਵੇ। ਉਨ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ 11 ਤੇ 12 ਸਤੰਬਰ ਨੂੰ ਲੱਗਣ ਵਾਲੇ ਮਜ਼ਦੂਰ ਧਰਨਿਆਂ ਵਿੱਚ ਪੁੱਜਣ ਦੀ ਅਪੀਲ ਕੀਤੀ।

 

Advertisement
Show comments