ਰੂਸ ’ਚ ਫਸੇ ਪੰਜਾਬੀਆਂ ਦੇ ਹੱਕ ਵਿੱਚ ਵਿਦੇਸ਼ ਮੰਤਰਾਲੇ ਨੂੰ ਪੱਤਰ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਦੀ ਅਪੀਲ
Advertisement
ਰੂਸ-ਯੂਕਰੇਨ ਦੀ ਜੰਗ ਦੌਰਾਨ ਰੂਸ ਫੌਜ ਵਿੱਚ ਜਬਰੀ ਭਰਤੀ ਕੀਤੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਦੀ ਅਪੀਲ ਕੀਤੀ ਹੈ। ਸ੍ਰੀ ਸੰਧੂ ਨੇ ਪੱਤਰ ਵਿੱਚ ਲਿਖਿਆ ਕਿ ਕੁਝ ਗ਼ੈਰਕਾਨੂੰਨੀ ਏਜੰਟਾਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵਧੀਆ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਬਿਨਾਂ ਕੋਈ ਫੌਜੀ ਸਿਖਲਾਈ ਦਿੱਤੇ ਰੂਸ ਤੇ ਯੂਕਰੇਨ ਦੀ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਇਸ ਕਾਰਨ ਨੌਜਵਾਨਾਂ ਦੀ ਜਾਨ ਖ਼ਤਰੇ ਵਿੱਚ ਪਈ ਹੋਈ ਹੈ। ਰਾਜ ਸਭਾ ਮੈਂਬਰ ਨੇ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ। ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਿੱਚ ਵਾਪਸੀ ਯਕੀਨੀ ਬਣਾਈ ਜਾਵੇ।ਸ੍ਰੀ ਸੰਧੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਕੰਨੀਆਂ ਕਲਾਂ ਦਾ ਵਾਸੀ ਬੂਟਾ ਸਿੰਘ ਮੌਜੂਦਾ ਸਮੇਂ ਰੂਸ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੂਟਾ ਸਿੰਘ 25 ਅਕਤੂਬਰ 2024 ਨੂੰ ਲੁਧਿਆਣਾ ਦੇ ਸਮਰਜੀਤ ਸਿੰਘ ਅਤੇ ਗੁਰਦਾਸਪੁਰ ਦੇ ਗੁਰਸੇਵਕ ਸਿੰਘ ਨਾਲ ਰੂਸ ਗਿਆ ਸੀ। ਉਸ ਨੂੰ ਉਥੇ ਫੌਜੀ ਕੈਂਪ ਵਿੱਚ 15 ਦਿਨਾਂ ਦੀ ਸਿਖਲਾਈ ਦੇਣ ਮਗਰੋਂ ਜਬਰਨ ਰੂਸ-ਯੂਕਰੇਨ ਦੀ ਜੰਗ ਵਿੱਚ ਭੇਜ ਦਿੱਤਾ ਗਿਆ। ਜੰਗੀ ਮੋਰਚੇ ’ਤੇ ਯੂਕਰੇਨ ਦੇ ਡਰੋਨ ਹਮਲੇ ਤੋਂ ਬਾਅਦ ਹੋਏ ਧਮਾਕੇ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਸ ਦੇ ਹਸਪਤਾਲ ਵਿੱਚ ਕਈ ਅਪਰੇਸ਼ਨ ਹੋਏ। ਹੁਣ ਉਥੋਂ ਉਸ ਨੂੰ ਮਾਸਕੋ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਹਮਲੇ ਦੌਰਾਨ ਉਸ ਦੇ ਸਾਥੀ ਸਿਮਰਜੀਤ ਸਿੰਘ ਦੀ ਮੌਤ ਹੋ ਗਈ ਹੈ।
ਸੰਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁੱਲ 126 ਭਾਰਤੀ ਨਾਗਰਿਕ ਰੂਸ ਗਏ ਸਨ, ਜਿਨ੍ਹਾਂ ਨੇ ਬਾਅਦ ਵਿੱਚ ਰੂਸੀ ਫੌਜ ਵਿੱਚ ਸੇਵਾ ਕੀਤੀ ਅਤੇ ਇਨ੍ਹਾਂ ਵਿੱਚੋਂ 96 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਦੀ ਦਖਲਅੰਦਾਜ਼ੀ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਇਸ ਲੜਾਈ ਦੌਰਾਨ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂਕਿ 18 ਅਜੇ ਵੀ ਲੜਾਈ ਵਿੱਚ ਸ਼ਾਮਲ ਹਨ।
Advertisement
Advertisement
