ਤਿੰਨ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਲੈਕਚਰਾਰ ਤਰੱਕੀਆਂ ਤੋਂ ਵਾਂਝੇ
ਕਰਮਜੀਤ ਸਿੰਘ ਚਿੱਲਾ
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸੇਵਾ ਨਿਭਾਅ ਰਹੇ ਲੈਕਚਰਾਰ ਤਰੱਕੀ ਨਾ ਹੋਣ ਕਾਰਨ ਨਾਰਾਜ਼ ਹਨ। ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 900 ਤੋਂ ਵੱਧ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਲੈਕਚਰਾਰ ਭੁਪਿੰਦਰ ਸਿੰਘ ਸਮਰਾ, ਸੁਖਬੀਰ ਸਿੰਘ, ਮਨੋਜ ਕੁਮਾਰ, ਸੁਖਵਿਦੰਰ ਸਿੰਘ, ਜਗਜੀਤ ਸਿੰਘ ਸਿੱਧੂ ਤੇ ਦੀਪਕ ਸ਼ਰਮਾ ਨੇ ਆਖਿਆ ਕਿ ਲੈਕਚਰਾਰਾਂ ਦੀ ਪ੍ਰਿੰਸੀਪਲ ਵਜੋਂ ਤਰੱਕੀ ਨਾ ਹੋਣ ਦਾ ਕਾਰਨ ਸਿੱਖਿਆ ਸੇਵਾ ਨਿਯਮ 2018 ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਨਿਯਮ ਮੁਤਾਬਿਕ ਲੈਕਚਰਾਰਾਂ ਦਾ ਤਰੱਕੀ ਕੋਟਾ 75 ਪ੍ਰਤੀਸ਼ਤ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਅਪਰੈਲ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਪਿਛਲੀ ਸਰਕਾਰ ਸਮੇਂ ਕੀਤੀ ਗਈ ਗਲਤੀ ਸੁਧਾਰ ਕੇ ਇਹ ਕੋਟਾ ਫਿਰ 50 ਪ੍ਰਤੀਸ਼ਤ ਤੋਂ ਵਧਾ ਕੇ 75 ਪ੍ਰਤੀਸ਼ਤ ਕੀਤਾ ਜਾ ਰਿਹਾ ਹੈ। ਇਸ ਲਈ ਸਿੱਖਿਆ ਸੇਵਾ ਨਿਯਮ 2018 ਨੂੰ ਜਲਦੀ ਸੋਧ ਕੇ ਲੈਕਚਰਾਰਾਂ ਦੀਆਂ ਬਤੌਰ ਪ੍ਰਿੰਸੀਪਲ ਪਦਉੱਨਤੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਾਲੇ ਤੱਕ ਵੀ ਇਸ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਰਿਟਾਇਰ ਲੈਕਚਰਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਤਰੱਕੀ ਨੂੰ ਉਡੀਕਦੇ ਹੋਏ ਸੇਵਾਮੁਕਤ ਹੋ ਚੁੱਕੇ ਹਨ ਪਰ ਸਿੱਖਿਆ ਵਿਭਾਗ ਤੇ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਵਫ਼ਾ ਨਹੀਂ ਹੋਏ। ਲੈਕਚਰਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਅਧਿਆਪਕ ਦਿਵਸ ਤੋਂ ਦੋ ਦਿਨ ਪਹਿਲਾਂ 3 ਸਤੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨਾ ਦੇਣਗੇ। ਇਸ ਤੋਂ ਬਿਨ੍ਹਾਂ 5 ਸਤੰਬਰ ਨੂੰ ਅਧਿਆਪਕ ਦਿਵਸ ’ਤੇ ਕਿਸੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।