ਹੜ੍ਹ ਪੀੜਤਾਂ ਲਈ ‘ਦਸਵੰਧ’ ਕੱਢਣ ਲੱਗੇ ਆਗੂ
ਸਪੀਕਰ ਨੇ ਕੀਤੀ ਪਹਿਲ; ਵਿਧਾਇਕ ਧਾਲੀਵਾਲ ਨੇ ਵੀ ਪਾਇਆ ਯੋਗਦਾਨ
Advertisement
ਪੰਜਾਬ ’ਚ ਹੜ੍ਹ ਪੀੜਤਾਂ ਦੀ ਮਦਦ ਲਈ ‘ਦਸਵੰਧ’ ਕੱਢਣ ਵਾਸਤੇ ਆਗੂ ਆਪਣੇ ਹੱਥ ਖੋਲ੍ਹਣ ਲੱਗ ਪਏ ਹਨ। ਉਂਝ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਹੜ੍ਹ ਪੀੜਤਾਂ ਦੀ ਨਿੱਜੀ ਤੌਰ ’ਤੇ ਮਦਦ ਕਰਨ ਵਾਸਤੇ ਕੋਈ ਐਲਾਨ ਨਹੀਂ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਪਾਸੇ ਪਹਿਲ ਕਰਦਿਆਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਾਸਤੇ ਦੇਣ ਦਾ ਫ਼ੈਸਲਾ ਕੀਤਾ ਹੈ। ਸੰਧਵਾਂ ਨੇ ਦਰਿਆਈ ਬੰਨ੍ਹਾਂ ਦੀ ਮਜ਼ਬੂਤੀ ਲਈ ਡੀਜ਼ਲ ਵਾਸਤੇ 10 ਲੱਖ ਰੁਪਏ ਦੇ ਫ਼ੰਡ ਆਪਣੇ ਅਖ਼ਤਿਆਰੀ ਕੋਟੇ ’ਚੋਂ ਭੇਜੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਔਖ ਦੀ ਘੜੀ ਵਿੱਚ ਅੱਗੇ ਆਉਣ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵੱਲੋਂ ‘ਸਿਆਸੀ ਹੇਜ: ਕੀ ਕਰੋੜਪਤੀ ਨੇਤਾ ‘ਦਸਵੰਧ’ ਕੱਢਣਗੇ?’ ਸਿਰਲੇਖ ਹੇਠ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਮਗਰੋਂ ਸਿਆਸਤਦਾਨਾਂ ’ਤੇ ਆਮ ਲੋਕਾਂ ਦੀ ਨਜ਼ਰ ਲੱਗ ਗਈ ਸੀ। ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਰਾਹਤ ਫ਼ੰਡ ਲਈ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਉਚੇਚੇ ਤੌਰ ’ਤੇ ਇਹ ਰਾਹਤ ਫ਼ੰਡ ਅਜਨਾਲਾ ਅਸੈਂਬਲੀ ਹਲਕੇ ’ਚ ਚੱਲ ਰਹੇ ਰਾਹਤ ਕੰਮਾਂ ਲਈ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨ। ਵੜਿੰਗ ਨੇ ਕਿਹਾ ਕਿ ਇਸ ਯੋਗਦਾਨ ਨਾਲ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਸਰਕਾਰ ’ਤੇ ਦਬਾਅ ਬਣੇਗਾ ਤਾਂ ਜੋ ਉਹ ਵੀ ਰਾਹਤ ਕਾਰਜਾਂ ’ਚ ਤੇਜ਼ੀ ਲਿਆਵੇ। ਵੜਿੰਗ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਔਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਇਖ਼ਲਾਕੀ ਫ਼ਰਜ਼ ਹੈ।
Advertisement
Advertisement