ਗ੍ਰਾਮ ਨਿਆਲਿਆ ਦੀ ਸਥਾਪਨਾ ਤੇ ਵਕੀਲ ’ਤੇ ਹਮਲੇ ਖਿਲਾਫ਼ ਪੰਜਾਬ ਭਰ ਦੇ ਵਕੀਲ ਵੱਲੋਂ ਦੋ ਦਿਨਾ ਹੜਤਾਲ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਮ ਨਿਆਲਿਆ ਦੀ ਸਥਾਪਨਾ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਸਾਹਿਬ ਦੇ ਮੈਂਬਰ ਵਕੀਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵਕੀਲ ਭਾਈਚਾਰੇ ਵੱਲੋਂ ਅੱਜ ਪੰਜਾਬ ਦੀਆਂ ਸਮੂਹ ਕਚਹਿਰੀਆਂ ਵਿੱਚ ਹੜਤਾਲ ਕਰਕੇ ‘ਨੋ ਵਰਕ ਡੇ’ (ਕੋਈ ਕੰਮ ਨਹੀਂ) ਦੇ ਬੈਨਰ ਹੇਠ ਰੋਸ ਦਿਵਸ ਮਨਾਇਆ ਗਿਆ। ਇਸ ਕਾਰਨ ਅੱਜ ਪੰਜਾਬ ਭਰ ਦੀਆਂ ਕਚਹਿਰੀਆਂ ਵਿੱਚ ਕੰਮਕਾਜ ਬੰਦ ਰਹਿਣਗੇ।
ਇਸੇ ਕੜੀ ਵਜੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਮਨਵੀਰ ਸਿੰਘ ਟਿਵਾਣਾ ਦੀ ਅਗਵਾਈ ਹੇਠਾਂ ਵੀ ਅੱਜ ਇੱਥੇ ਹੜਤਾਲ ਕਰਕੇ ਕੰਮ ਠੱਪ ਰੱਖਿਆ ਗਿਆ। ਇਸੇ ਕੜੀ ਵਿੱਚ ਪਟਿਆਲਾ ਸਮੇਤ ਪੰਜਾਬ ਭਰ ਦੀਆਂ ਕਚਹਿਰੀਆਂ ਵਿੱਚ 4 ਨਵੰਬਰ ਨੂੰ ਵੀ ਇਸੇ ਤਰ੍ਹਾਂ ਵਕੀਲ ਭਾਈਚਾਰਾ ਹੜਤਾਲ ਕਰਕੇ ਕੰਮਕਾਜ ਠੱਪ ਰੱਖੇਗਾ। ਇਸ ਮੌਕੇ ਪ੍ਰਧਾਨ ਮਨਵੀਰ ਟਿਵਾਣਾ ਦੀ ਅਗਵਾਈ ਹੇਠਾਂ ਸੰਕੇਤਕ ਰੋਸ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਕਿਤੇ ਵੀ ਗ੍ਰਾਮ ਨਿਆਲਿਆ ਦੀ ਸਥਾਪਨਾ ਨਹੀਂ ਹੋਣੀ ਚਾਹੀਦੀ। ਉਸ ਤਰ੍ਹਾਂ ਐਡਵੋਕੇਟ ਹਰਮਨਦੀਪ ਸਿੰਘ ਸੰਧੂ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਗਈ।
