ਜਬਰ-ਜਨਾਹ ਦਾ ਕੇਸ ਲੜਨ ਵਾਲੇ ਵਕੀਲ ’ਤੇ ਹਮਲਾ
ਇੱਥੇ ਅਦਾਲਤੀ ਕੰਪਲੈਕਸ ਵਿੱਚ ਵਕੀਲ ਅਮਨਦੀਪ ਕਾਂਸਲ ’ਤੇ ਕੱਲ੍ਹ ਗੱਡੀ ਚੜ੍ਹਾ ਕੇ ਜ਼ਖ਼ਮੀ ਕਰਨ ਦਾ ਮਾਮਲਾ ਉਨ੍ਹਾਂ ਵੱਲੋਂ ਜਬਰ-ਜਨਾਹ ਦਾ ਕੇਸ ਲੜੇ ਜਾਣ ਦਾ ਨਿਕਲਿਆ ਹੈ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਕੀਲ ਅਮਨਦੀਪ ਕਾਂਸਲ ਜਬਰ-ਜਨਾਹ ਮਾਮਲੇ ਵਿੱਚ ਮੁਲਜ਼ਮ ਪੱਖ ਦੀ ਵਕਾਲਤ ਕਰਦੇ ਸਨ। ਇਸੇ ਕਾਰਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਸਿਟੀ 2 ਮਾਨਸਾ ਪੁਲੀਸ ਨੇ ਸ਼ਿਵ ਸ਼ੰਕਰ ਵਾਸੀ ਮਾਨਸਾ ਤੋਂ ਇਲਾਵਾ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਅਦਾਲਤੀ ਕੰਪਲੈਕਸ ਦੇ ਬਾਹਰ ਖੜ੍ਹੇ ਵਕੀਲ ਅਮਨਦੀਪ ਕਾਂਸਲ ’ਤੇ ਇਕ ਜਣੇ ਨੇ ਗੱਡੀ ਚੜ੍ਹਾ ਦਿੱਤੀ ਸੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਮਾਨਸਾ ਤੇ ਬਾਅਦ ਵਿੱਚ ਡੀ ਐੱਮ ਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ। ਉਹ ਹਾਲੇ ਜ਼ੇਰੇ-ਇਲਾਜ ਹਨ। ਇਸ ਖ਼ਿਲਾਫ਼ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਨੇ ਰੋਸ ਪ੍ਰਗਟਾਉਂਦਿਆਂ ਵਕੀਲ ’ਤੇ ਹਮਲਾ ਕਰਨ ਦੀ ਨਿਖੇਧੀ ਕਰਦਿਆਂ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ਵਿੱਚ ਵਰਤੀ ਗੱਡੀ ਅਤੇ ਹੋਰ ਤੱਥਾਂ ਦੇ ਆਧਾਰ ਉੱਤੇ ਵਕੀਲ ਅਮਨਦੀਪ ਕਾਂਸਲ ਦੇ ਪਰਿਵਾਰ ਦੇ ਬਿਆਨਾਂ ’ਤੇ ਪੁਲੀਸ ਨੇ ਸ਼ਿਵ ਸ਼ੰਕਰ ਵਾਸੀ ਮਾਨਸਾ ਸਣੇ ਇਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਵਕੀਲ ਦੇ ਮੁਨਸ਼ੀ ਨੇ ਦੱਸਿਆ ਕਿ ਉਹ ਜਬਰ-ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਵਿਅਕਤੀ ਦੀ ਵਕਾਲਤ ਕਰ ਰਹੇ ਹਨ। ਇਸ ਕਾਰਨ ਦੂਜੀ ਧਿਰ ਨੇ ਉਨ੍ਹਾਂ ਉੱਪਰ ਇਹ ਹਮਲਾ ਕੀਤਾ ਹੈ। ਥਾਣਾ ਸਿਟੀ-2 ਮਾਨਸਾ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
