ਡੈਮ ਨੂੰ ਜਾਣ ਵਾਲੇ ਰਸਤੇ ’ਤੇ ਢਿੱਗਾਂ ਡਿੱਗੀਆਂ
ਐੱਨਪੀ ਧਵਨ
ਪਠਾਨਕੋਟ, 29 ਜੂਨ
ਇੱਥੇ ਹੋਈ ਭਾਰੀ ਬਾਰਸ਼ ਕਾਰਨ ਸ਼ਾਹਪੁਰਕੰਢੀ ਤੋਂ ਰਣਜੀਤ ਸਾਗਰ ਡੈਮ ਨੂੰ ਜਾਣ ਵਾਲੀ ਸੜਕ ’ਤੇ ਕੇਰੂ ਪਹਾੜ ਦਾ ਮਲਬਾ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ। ਮੁਲਾਜ਼ਮਾਂ ਨੂੰ ਡਿਊਟੀ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪਿੰਡਾਂ ਵਿੱਚੋਂ ਘੁੰਮਦੇ ਹੋਏ ਡੈਮ ’ਤੇ ਪੁੱਜੇ।
ਪ੍ਰਸ਼ਾਸਨ ਨੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬਾ ਹਟਵਾਇਆ ਅਤੇ ਤਕਰੀਬਨ 12 ਘੰਟੇ ਬਾਅਦ ਡੈਮ ਪ੍ਰਸ਼ਾਸਨ ਸੜਕ ਦਾ ਇਕ ਪਾਸਾ ਆਰਜ਼ੀ ਤੌਰ ’ਤੇ ਚਾਲੂ ਕਰਨ ਵਿੱਚ ਕਾਮਯਾਬ ਹੋ ਸਕਿਆ। ਮਲਬਾ ਡਿੱਗਣ ਦੌਰਾਨ ਰਾਤ ਦਾ ਸਮਾਂ ਹੋਣ ਕਾਰਨ ਸੜਕ ਉੱਪਰ ਕੋਈ ਟ੍ਰੈਫਿਕ ਨਹੀਂ ਸੀ, ਜਿਸ ਕਾਰਨ ਵੱਡੇ ਹਾਦਸੇ ਤੋਂ ਬਚਾਅ ਰਿਹਾ। ਪਿੰਡ ਥੜ੍ਹਾ ਉਪਰਲਾ ਵਾਸੀ ਐਂਚਲ ਸਿੰਘ, ਸਰਪੰਚ ਕੁਲਦੀਪ ਅਨੋਤਰਾ, ਪ੍ਰਵੀਨ ਸਿੰਘ, ਰਾਜੇਸ਼ ਸਿੰਘ, ਸ਼ਿਵਦੇਵ ਸਿੰਘ ਆਦਿ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਕੇਰੂ ਪਹਾੜ ਦਾ ਮਲਬਾ ਡਿੱਗਦਾ ਹੈ ਪਰ ਡੈਮ ਪ੍ਰਸ਼ਾਸਨ ਵੱਲੋਂ ਇਸ ਦੇ ਪੱਕੇ ਹੱਲ ਲਈ ਕੁਝ ਨਹੀਂ ਕੀਤਾ ਜਾ ਰਿਹਾ। ਸੰਚਾਰ ਮੰਡਲ ਦੇ ਐਕਸੀਅਨ ਗੁਰਜਿੰਦਰ ਸਿੰਘ, ਐੱਸਡੀਓ ਹਰਭਜਨ ਸਿੰਘ ਸੈਣੀ ਅਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਇਹ ਪੂਰਾ ਪਹਾੜ ਦੋਵੇਂ ਪਾਸਿਓਂ ਡਿੱਗ ਗਿਆ, ਜਿਸ ਕਾਰਨ ਰਸਤਾ ਬੰਦ ਹੋਇਆ ਹੈ। ਮਲਬੇ ਨੂੰ ਹਟਾਉਣ ਲਈ ਹੈਵੀ ਮਸ਼ੀਨਰੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ 5 ਵਜੇ ਸੜਕ ਦਾ ਇਕ ਹਿੱਸਾ ਚਾਲੂ ਕਰ ਦਿੱਤਾ ਗਿਆ ਜਦ ਕਿ ਬਾਕੀ ਹਿੱਸਾ ਵੀ ਜਲਦੀ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।