ਪੁਲੀਸ ਮੁਕਾਬਲੇ ’ਚ ਲੰਡਾ ਗਰੋਹ ਦਾ ਮੈਂਬਰ ਜ਼ਖ਼ਮੀ
ਗਗਨਦੀਪ ਅਰੋੜਾ
ਲੁਧਿਆਣਾ, 1 ਮਈ
ਤਾਜਪੁਰ ਰੋਡ ਸਥਿਤ ਪਿੰਡ ਸਾਹਿਬਾਨਾ ਵਿੱਚ ਅੱਜ ਤੜਕੇ ਗੈਂਗਸਟਰ ਲੰਡਾ ਹਰੀਕੇ ਦੇ ਸਾਥੀ ਤੇ ਲੁਧਿਆਣਾ ਪੁਲੀਸ ਦੀ ਟੀਮ ਦਰਮਿਆਨ ਮੁਕਾਬਲਾ ਹੋਇਆ। ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਪੁਲੀਸ ’ਤੇ ਗੈਂਗਸਟਰ ਨੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਫਾਈਰਿੰਗ ਵਿੱਚ ਗੈਂਗਸਟਰ ਦੇ ਲੱਤ ਵਿੱਚ ਗੋਲੀ ਵੱਜੀ। ਉਸ ਦੀ ਪਛਾਣ ਗੈਂਗਸਟਰ ਸੁਮਿਤ ਸੋਨੂੰ ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਪੁਨੀਤ ਬੈਂਸ ਦੀ ਭੈਣ ਹਿਨਾ ਨੇ ਸ਼ਿਕਾਇਤ ਕੀਤੀ ਸੀ ਕਿ ਪਿਛਲੇ ਦਿਨੀਂ ਦੋ ਮੋਟਰਸਾਈਕਲਾਂ ’ਤੇ ਆਏ ਛੇ ਜਣਿਆਂ ਨੇ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਇਸ ਸਬੰਧੀ ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਐਫਆਈਆਰ ਦਰਜ ਕੀਤੀ ਸੀ। ਗੋਲੀਆਂ ਚਲਾਉਣ ਦੇ ਦੋਸ਼ ਹੇਠ ਪੁਲੀਸ ਨੇ ਲਵਕੁਸ਼, ਵੰਸ਼ ਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਵਿੱਚ ਗੈਂਗਸਟਰ ਸੁਮਿਤ ਸੋਨੂੰ ਭੱਜ ਗਿਆ ਸੀ ਜਿਸ ਬਾਰੇ ਅੱਜ ਪੁਲੀਸ ਨੂੰ ਸੂਚਨਾ ਮਿਲੀ ਕਿ ਉਹ ਭੁੰਦੜੀ ਰੋਡ ’ਤੇ ਪਿੰਡ ਸਾਹਿਬਾਨਾ ਵਿੱਚੋਂ ਜਾ ਰਿਹਾ ਹੈ। ਪੁਲੀਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ। ਉਸ ਨੇ ਜਦੋਂ ਦੇਖਿਆ ਕਿ ਪੁਲੀਸ ਉਸ ਦਾ ਪਿੱਛਾ ਕਰ ਰਹੀ ਹੈ ਤਾਂ ਉਸ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਦੀ ਗੋਲੀ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਪੁਲੀਸ ’ਤੇ ਚਾਰ ਗੋਲੀਆਂ ਚਲਾਈਆਂ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।