ਲੈਂਡ ਪੂਲਿੰਗ ਨੀਤੀ: ਸੰਘਰਸ਼ ਦਾ ਪਿੜ ਬੰਨ੍ਹਣ ਵਾਲੇ ਪਿੰਡ ਮਲਕ ਵਿੱਚ ਖੁਸ਼ੀ ਦੀ ਲਹਿਰ
ਧਨੇਰ ਵੱਲੋਂ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ
ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਨੀਤੀ ਰੱਦ ਕਰਨ ਦਾ ਸਵਾਗਤ ਕੀਤਾ ਪਰ ਨਾਲ ਹੀ ਕਿਸਾਨਾਂ ਨੂੰ ਅਵੇਸਲੇ ਨਾ ਪੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਹੀ ਖੇਤੀ ’ਤੇ ਹੋਰ ਹੱਲੇ ਹੋਣੇ ਹਨ। ਇਸ ਲਈ ਕਿਸਾਨਾਂ ਨੂੰ ਇਸੇ ਤਰ੍ਹਾਂ ਏਕਾ ਬਣਾਈ ਰੱਖਣ ਦੀ ਲੋੜ ਹੈ। ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਂਝੇ ਸੰਘਰਸ਼ ਦੇ ਰਾਹ ਚੱਲ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕਿਸਾਨ ਮਜ਼ਦੂਰ ਵਿਰੋਧੀ ਇਸ ਦਾ ਨੀਤੀ ਦਾ ਮੂੰਹ ਮੋੜ ਦਿੱਤਾ ਹੈ।
ਖਾਮੀਆਂ ਦੂਰ ਕਰ ‘ਆਪ’ ਸਰਕਾਰ ਮੁੜ ਲਾਗੂ ਕਰ ਸਕਦੀ ਹੈ ਲੈਂਡ ਪੂਲਿੰਗ ਨੀਤੀ: ਬਾਜਵਾ
ਬਟਾਲਾ (ਦਲਬੀਰ ਸੱਖੋਵਾਲੀਆ): ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ’ਤੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਘਾਟਾਂ ਨੂੰ ਦੂਰ ਕਰਨ ਉਪਰੰਤ ਹੀ ਪੰਜਾਬ ਸਰਕਾਰ ਇਸ ਨੂੰ ਫਿਰ ਤੋਂ ਲਾਗੂ ਕਰ ਸਕਦੀ ਹੈ। ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਸਰਕਾਰ ਵੱਲੋਂ ਹਾਲ ਦੀ ਘੜੀ ਇਸ ਨੀਤੀ ਨੂੰ ਵਾਪਸ ਲੈਣ ਦੇ ਫ਼ੈਸਲੇ ਨੂੰ ਪੰਜਾਬ ਦੇ ਕਿਸਾਨਾਂ, ਕਿਰਤੀਆਂ ਦੀ ਮੁੱਢਲੀ ਜਿੱਤ ਦੱਸਿਆ। ਉਧਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਪਾਰਟੀ ਦੇ ਜ਼ਬਰਦਸਤ ਵਿਦਰੋਹ ਕਾਰਨ ਹੀ ‘ਆਪ’ ਸਰਕਾਰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਹੋਈ ਹੈ।
ਲੈਂਡ ਪੂਲਿੰਗ ਨੀਤੀ ਦੀ ਵਾਪਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਜਿੱਤ: ਕਾਦੀਆਂ
ਲੁਧਿਆਣਾ (ਗੁਰਿੰਦਰ ਸਿੰਘ )ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ 'ਤੇ ਸਮੁੱਚੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ ਹੈ। ਅੱਜ ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਦੀਆਂ ਨੇ ਕਿਹਾ ਕਿ ਖੇਤਾਂ ਦੇ ਮਾਲਕਾਂ ਨੇ ਧਾੜਵੀਆਂ ਹੱਥੋਂ ਆਪਣੇ ਖੇਤ ਬਚਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਲਈ ਸਮੁੱਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਧਾਈ ਦੀ ਪਾਤਰ ਹਨ।