ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੈਂਡ ਪੂਲਿੰਗ ਨੀਤੀ: ਜ਼ੀਰਕਪੁਰ ਤੇ ਡੇਰਾਬੱਸੀ ’ਚ ਹਜ਼ਾਰਾਂ ਫਲੈਟ ਤੇ ਪਲਾਟ ਖਾਲੀ

ਕਿਸਾਨਾਂ ਵੱਲੋਂ ਖਾਲੀ ਫਲੈਟਾਂ ਤੇ ਪਲਾਟਾਂ ’ਚ ਵਸੇਬੇ ਕਰਵਾੳੁਣ ਦੀ ਮੰਗ
ਜ਼ੀਰਕਪੁਰ ਵਿੱਚ ਉਸਾਰੇ ਗਏ ਫਲੈਟਾਂ ਦੀ ਝਲਕ। -ਫੋਟੋ: ਰੂਬਲ
Advertisement

ਹਰਜੀਤ ਸਿੰਘ

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ-2025 ਵਿਵਾਦਾਂ ’ਚ ਘਿਰ ਗਈ ਅਤੇ ਕਿਸਾਨਾਂ ਨੇ ਇਸ ਨੀਤੀ ਦਾ ਵੱਡੇ ਪੱਧਰ ’ਤੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਨੀਤੀ ਹੱਕ ’ਚ ਤਰਕ ਦੇ ਰਹੀ ਹੈ ਕਿ ਇਸ ਨਾਲ ਵੱਡੇ ਸ਼ਹਿਰਾਂ ਦਾ ਵਿਕਾਸ ਹੋਵੇਗਾ ਜਦਕਿ ਵਿਰੋਧੀ ਪਾਰਟੀ ਅਤੇ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪੰਜਾਬ ਸਰਕਾਰ ਖੇਤੀ ਵਾਲੀਆਂ ਜ਼ਮੀਨਾਂ ਖੋਹ ਰਹੀ ਹੈ ਜਿਸ ਨਾਲ ਇਨ੍ਹਾਂ ਜ਼ਮੀਨਾਂ ’ਤੇ ਨਿਰਭਰ ਕਿਸਾਨ ਤੇ ਮਜ਼ਦੂਰ ਕੰਮ ਤੋਂ ਵਿਹਲੇ ਹੋ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੀ ਉਮਰ ਇਹੀ ਧੰਦਾ ਕੀਤਾ ਹੈ ਅਤੇ ਬਾਅਦ ਵਿੱਚ ਉਹ ਕਿਥੇ ਜਾਣਗੇ। ਇਸ ਤੋਂ ਇਲਾਵਾ ਖੇਤੀਬਾੜੀ ’ਤੇ ਨਿਰਭਰ ਛੋਟੇ ਦੁਕਾਨਦਾਰ ਤੇ ਹੋਰ ਕਾਰਬਾਰ ਵੀ ਪ੍ਰਭਾਵਿਤ ਹੋਣਗੇ।

Advertisement

ਜਾਣਕਾਰੀ ਅਨੁਸਾਰ ਲੰਘੇ ਸਮੇਂ ਤੋਂ ਪੰਜਾਬ ’ਚ ਸ਼ਹਿਰੀਕਰਨ ਤੇਜ਼ੀ ਨਾਲ ਵਧ ਰਿਹਾ ਹੈ। ਚੰਡੀਗੜ੍ਹ ਦੇ ਨਾਲ ਜੁੜਦੇ ਜ਼ਿਲ੍ਹਾ ਮੁਹਾਲੀ ਵਿੱਚ ਇਹ ਸ਼ਹਿਰੀਕਰਨ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ।

ਮੁਹਾਲੀ ਦੇ ਸ਼ਹਿਰ ਜ਼ੀਰਕਪੁਰ, ਡੇਰਾਬੱਸੀ, ਖਰੜ, ਕੁਰਾਲੀ, ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿੱਚ ਲੰਘੇ ਸਾਲਾਂ ਤੋਂ ਵੱਡੀ ਪੱਧਰ ’ਤੇ ਕਲੋਨੀਆਂ ਤੇ ਸੁਸਾਇਟੀਆਂ ਹੋਂਦ ਵਿੱਚ ਆਈਆਂ ਹਨ ਅਤੇ ਹਾਲੇ ਵੀ ਵੱਡੀ ਗਿਣਤੀ ਨਵੇਂ ਪ੍ਰਾਜੈਕਟ ਉਸਾਰੇ ਜਾ ਰਹੇ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਹਾਲੇ ਵੀ ਇਨ੍ਹਾਂ ਸ਼ਹਿਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫਲੈਟ ਅਤੇ ਪਲਾਟ ਖਾਲੀ ਪਏ ਹਨ ਜਿਥੇ ਕੋਈ ਨਹੀਂ ਰਹਿੰਦਾ। ਇੱਕ ਅਨੁਮਾਨ ਮੁਤਾਬਕ ਇਨ੍ਹਾਂ ਸ਼ਹਿਰਾਂ ਵਿੱਚ ਜਿੰਨੇ ਫਲੈਟ ਤਿਆਰ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ ਮਹਿਜ਼ 40 ਫੀਸਦੀ ਲੋਕ ਹੀ ਰਹਿੰਦੇ ਹਨ। ਜ਼ਿਆਦਾਤਰ ਸੁਸਾਇਟੀਆਂ ਵਿੱਚ ਤਾਂ 60 ਤੋਂ 70 ਪ੍ਰਤੀਸ਼ਤ ਫਲੈਟ ਅਤੇ ਪਲਾਟ ਖਾਲੀ ਪਏ ਹਨ। ਇਨ੍ਹਾਂ ਪ੍ਰਾਜੈਕਟਾਂ ਹੇਠ ਜ਼ਮੀਨ ਆਉਣ ਕਾਰਨ ਪੰਜਾਬ ਦੀ ਪੈਦਾਵਾਰ ’ਤੇ ਵੀ ਕਾਫੀ ਅਸਰ ਪਿਆ ਹੈ। ਕਿਸਾਨ ਆਗੂ ਕਰਮ ਸਿੰਘ ਕਾਰਕੌਰ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਇਨ੍ਹਾਂ ਸ਼ਹਿਰਾਂ ਵਿੱਚ ਖਾਲੀ ਪਏ ਫਲੈਟਾਂ ਅਤੇ ਪਲਾਟਾਂ ਵਿੱਚ 100 ਫੀਸਦੀ ਵਸੇਬਾ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜਦੋਂ ਇਨ੍ਹਾਂ ਫਲੈਟਾਂ ਤੇ ਪਲਾਟਾਂ ਵਿੱਚ ਪੂਰੀ ਤਰ੍ਹਾਂ ਵਸੇਬਾ ਹੋ ਜਾਵੇ ਤਾਂ ਸਰਕਾਰ ਨੂੰ ਹੋਰ ਜ਼ਮੀਨ ਐਕੁਆਇਰ ਕਰ ਕੇ ਅਰਬਟ ਅਸਟੇਟ ਵਸਾਉਣੇ ਚਾਹੀਦੇ ਹਨ। ਜਸਵੰਤ ਸਿੰਘ ਨੰਬਰਦਾਰ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵਸਾਏ ਗਏ ਖੇਤਰਾਂ ਦਾ ਸਰਵੇ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਜ਼ਮੀਨਾਂ ਦੇ ਮਾਲਕ, ਖੇਤੀ ਮਜ਼ਦੂਰ ਅਤੇ ਇਨ੍ਹਾਂ ਜ਼ਮੀਨਾਂ ’ਤੇ ਨਿਰਭਰ ਹੋਰ ਲੋਕ ਅੱਜ ਕਿਵੇਂ ਦੀ ਜ਼ਿ਼ੰਦਗੀ ਜੀਅ ਰਹੇ ਹਨ ਤੇ ਫਿਰ ਅੱਗੇ ਸੋਚਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਉਹ ਲੋਕ ਕਿਤੇ ਦਿਖਾਈ ਨਹੀਂ ਦਿੰਦੇ ਸਗੋਂ ਵੱਡੀਆਂ ਜ਼ਮੀਨਾਂ ਦੇ ਮਾਲਕ ਵੀ ਅੱਜ ਉਜੜ ਕੇ ਰਹਿ ਗਏ ਹਨ ਜੋ ਕਦੇ ਠਾਠ ਵਿੱਚ ਜ਼ਿੰਦਗੀ ਬਤੀਤ ਕਰਦੇ ਸਨ।

Advertisement